ਵਾਸ਼ਿੰਗਟਨ: ਸਵੀਡਨ ਦੀ ਇਕ ਮਸਜਿਦ ਦੇ ਬਾਹਰ ਇਕ ਵਿਅਕਤੀ ਨੇ ਕੁਰਾਨ ਨੂੰ ਸਾੜ ਕੇ ਪ੍ਰਦਰਸ਼ਨ ਕੀਤਾ। ਕੁਝ ਇਸ ਘਟਨਾ ਦਾ ਵਿਰੋਧ ਕਰ ਰਹੇ ਹਨ, ਜਦੋਂ ਕਿ ਕੁਝ ਵਿਅਕਤੀ ਦਾ ਸਮਰਥਨ ਕਰ ਰਹੇ ਹਨ। ਸਵੀਡਨ ‘ਚ ਕੁਰਾਨ ਸਾੜਨ ਬਾਰੇ ਨਾਟੋ ਮੁਖੀ ਜੇਂਸ ਸਟੋਲਟਨਬਰਗ ਨੇ ਕਿਹਾ ਹੈ ਕਿ ਇਹ “ਪ੍ਰਗਟਾਵੇ ਦੀ ਆਜ਼ਾਦੀ ਦਾ ਹਿੱਸਾ” ਹੈ। ਸਟੋਲਟਨਬਰਗ ਨੇ ਕਿਹਾ ਕਿ ਕੁਰਾਨ ਨੂੰ ਸਾੜਨਾ ਅਪਮਾਨਜਨਕ ਅਤੇ ਇਤਰਾਜ਼ਯੋਗ ਹੈ, ਪਰ ਗੈਰ-ਕਾਨੂੰਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਵੀਡਨ ਵਿੱਚ ਤੁਰਕੀ ਅਤੇ ਨਾਟੋ ਦੇ ਖਿਲਾਫ ਪ੍ਰਦਰਸ਼ਨ ਦੇਖੇ ਹਨ। ਉਨ੍ਹਾਂ ਨੂੰ ਇਹ ਪਸੰਦ ਨਹੀਂ ਹੈ, ਪਰ ਉਹ ਅਸਹਿਮਤ ਹੋਣ ਦੇ ਅਧਿਕਾਰ ਦੀ ਰੱਖਿਆ ਕਰਦੇ ਹਨ। ਇਹ “ਪ੍ਰਗਟਾਵੇ ਦੀ ਆਜ਼ਾਦੀ ਦਾ ਹਿੱਸਾ” ਹੈ। ਦੂਜੇ ਪਾਸੇ ਅਮਰੀਕਾ ਨੇ ਸਵੀਡਨ ਵਿੱਚ ਕੁਰਾਨ ਨੂੰ ਸਾੜਨ ਦੀ ਨਿੰਦਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਵੀਡਨ ‘ਚ ਈਦ-ਉਲ-ਅਜ਼ਹਾ ਦੇ ਮੌਕੇ ‘ਤੇ ਬੁੱਧਵਾਰ ਨੂੰ ਸਟਾਕਹੋਮ ਦੀ ਇਕ ਮਸਜਿਦ ਦੇ ਬਾਹਰ ਇਕ ਵਿਅਕਤੀ ਨੇ ਕੁਰਾਨ ਨੂੰ ਸਾੜ ਦਿੱਤਾ। ਹੈਰਾਨੀ ਦੀ ਗੱਲ ਇਹ ਸੀ ਕਿ ਉੱਥੋਂ ਦੀ ਸਰਕਾਰ ਨੇ ਉਸ ਨੂੰ ਇਸ ਦੀ ਇਜਾਜ਼ਤ ਦੇ ਦਿੱਤੀ। ਰਿਪੋਰਟਾਂ ਮੁਤਾਬਿਕ ਇਹ ਇਜਾਜ਼ਤ ਪ੍ਰਗਟਾਵੇ ਦੀ ਆਜ਼ਾਦੀ ਤਹਿਤ ਇੱਕ ਦਿਨ ਦੇ ਪ੍ਰਦਰਸ਼ਨ ਲਈ ਦਿੱਤੀ ਗਈ ਹੈ। ਦਰਅਸਲ, ਸਵੀਡਨ ਵਿੱਚ ਅਕਸਰ ਇਸਲਾਮ ਵਿਰੋਧੀ ਪ੍ਰਦਰਸ਼ਨ ਹੁੰਦੇ ਹਨ। ਇਸ ਕਾਰਨ ਤੁਰਕੀ ਅਤੇ ਸਵੀਡਨ ਵਿਚਾਲੇ ਹਮੇਸ਼ਾ ਤਣਾਅ ਬਣਿਆ ਰਹਿੰਦਾ ਹੈ। ਤੁਰਕੀ ਨੇ ਇੱਕ ਧਰਮ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਸਵੀਡਨ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਵੀਡਨ ਹਮੇਸ਼ਾ ਅਜਿਹੀਆਂ ਗੱਲਾਂ ਤੋਂ ਇਨਕਾਰ ਕਰਦਾ ਹੈ।
ਮੁਸਲਿਮ ਦੇਸ਼ਾਂ ‘ਚ ਲੋਕ ਸਵੀਡਨ ਖਿਲਾਫ ਸੜਕਾਂ ‘ਤੇ ਉਤਰ ਰਹੇ ਹਨ। ਸਵੀਡਨ ਦੇ ਦੂਤਾਵਾਸ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਈ ਮੁਸਲਿਮ ਬਹੁ-ਗਿਣਤੀ ਵਾਲੇ ਦੇਸ਼ਾਂ ਨੇ ਕੁਰਾਨ ਨੂੰ ਸਾੜਨ ਦੀ ਨਿੰਦਾ ਕੀਤੀ ਹੈ। ਇਸ ਘਟਨਾ ਨੇ ਨਾਟੋ ਦੇ ਮੈਂਬਰ ਤੁਰਕੀ ਸਮੇਤ ਹੋਰ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਵਿੱਚ ਗੁੱਸਾ ਭੜਕਾਇਆ ਹੈ। ਨਾਟੋ ਇਸ ਗੱਲ ‘ਤੇ ਵਿਚਾਰ ਕਰ ਰਿਹਾ ਹੈ ਕਿ ਕੀ ਸਵੀਡਨ ਨੂੰ ਮੈਂਬਰਸ਼ਿਪ ਦਿੱਤੀ ਜਾਵੇ। ਤੁਰਕੀਏ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਬਹਾਨੇ ਅਜਿਹੀਆਂ ਇਸਲਾਮ ਵਿਰੋਧੀ ਕਾਰਵਾਈਆਂ ਦੀ ਇਜਾਜ਼ਤ ਦੇਣਾ ਅਸਵੀਕਾਰਨਯੋਗ ਹੈ। ਵਿਦੇਸ਼ ਮੰਤਰੀ ਹਕਨ ਫਿਦਾਨ ਨੇ ਕਿਹਾ ਕਿ ਕੋਈ ਵੀ ਵਿਅਕਤੀ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਇਸਲਾਮ ਵਿਰੋਧੀ ਪ੍ਰਦਰਸ਼ਨ ਨਹੀਂ ਕਰ ਸਕਦਾ। ਅਸੀਂ ਇਸਨੂੰ ਸਵੀਕਾਰ ਨਹੀਂ ਕਰਾਂਗੇ। ਜੇਕਰ ਕੋਈ ਦੇਸ਼ ਨਾਟੋ ‘ਚ ਸ਼ਾਮਿਲ ਹੋ ਕੇ ਸਾਡਾ ਭਾਈਵਾਲ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਇਸਲਾਮੋਫੋਬੀਆ ਫੈਲਾਉਣ ਵਾਲੇ ਅੱਤਵਾਦੀਆਂ ‘ਤੇ ਕਾਬੂ ਪਾਉਣਾ ਹੋਵੇਗਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.