ਵਿਸ਼ਵ ਨੌਜਵਾਨ ਦਿਵਸ: ਦੇਸ਼ ਦੀ ਤਕਦੀਰ ਬਦਲਣ ਦੇ ਸਮਰੱਥ ਹਨ ਸਾਡੇ ਨੌਜਵਾਨ

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਸਾਡੇ ਨੌਜਵਾਨ ਅਸਲ ਵਿਚ ਵਤਨ ਤੇ ਕੌਮ ਦਾ ਅਨਮੋਲ ਸਰਮਾਇਆ ਹਨ। ਇਨ੍ਹਾਂ ਦੇ ਹੱਥਾਂ ‘ਚ ਉਹ ਕਲਮ ਹੈ ਜਿਸ ਨਾਲ ਆਉਣ ਵਾਲੇ ਭਾਰਤ ਦੀ ਤਕਦੀਰ ਲਿਖੀ ਜਾਣੀ ਹੈ। ਨੌਜਵਾਨਾਂ ਦਾ ਪੜ੍ਹੇ-ਲਿਖੇ ਹੋਣਾ ਜਿੰਨਾ ਜ਼ਰੂਰੀ ਹੈ ਉਨ੍ਹਾਂ ਹੀ ਇਨ੍ਹਾਂ ਦਾ ‘ਜਾਗਦੇ’ ਹੋਣਾ ਵੀ ਜ਼ਰੂਰੀ ਹੈ। ਅੱਖਾਂ ਮੀਟ ਕੇ ਸੌਂ ਜਾਣ ਦੀ ਥਾਂ ਜੇਕਰ ਇਹ ਆਪ ਵੀ ਜਾਗਣ, ਦੂਸਰਿਆਂ ਨੂੰ ਵੀ ਜਗਾਉਣ ਤੇ ਇਕਜੁੱਟ ਹੋ ਕੇ ਹੰਭਲਾ ਮਾਰਨ ਤਾਂ ਪੂਰੇ ਮੁਲਕ ਦੀ ਤਸਵੀਰ ਪਲਟ ਕੇ ਰੱਖ ਸਕਦੇ ਹਨ।
ਅੱਜ ਭਾਰਤ ਮਾਂ ਕਈ ਤਰ੍ਹਾਂ ਦੀਆਂ ਕੁਰੀਤੀਆਂ ਅਤੇ ਅਲਾਮਤਾਂ ਵਿਚ ਜਕੜੀ ਹੋਈ ਕੁਰਲਾ ਰਹੀ ਹੈ ਪਰ ਅਜੋਕਾ ਨੌਜਵਾਨ ਵਰਗ ਮਹਾਤਮਾ ਗਾਂਧੀ, ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ , ਬੁਟਕੇਸ਼ਵਰ ਦੱਤ, ਵੀਰ ਹਕੀਕਤ ਰਾਏ ਆਦਿ ਨੂੰ ਸ਼ਰਧਾਂਜਲੀ ਦੇਣ ਲਈ ਤਾਂ ਤਿਆਰ ਹੈ ਪਰ ਉਨ੍ਹਾਂ ਵਾਂਗ ਆਪਣਾ ਤਨ, ਮਨ, ਧਨ ਵਤਨ ਦੇ ਲੇਖੇ ਲਾਉਣ ਲਈ ਹਰਗਿਜ਼ ਵੀ ਤਿਆਰ ਨਹੀਂ ਹੈ। ਅੱਜ ਬੇਹੱਦ ਸਖ਼ਤ ਜ਼ਰੂਰਤ ਹੈ ਕਿ ਅਜੋਕੀ ਨੌਜਵਾਨ ਪੀੜ੍ਹੀ ਇੱਕ ਵਾਰ ਫਿਰ ਤੋਂ ਆਪਣੇ ਫ਼ਰਜ਼ਾਂ ਨੂੰ ਪਛਾਣੇ ਅਤੇ ਸਿਰ ‘ਤੇ ਕਫ਼ਨ ਬੰਨ੍ਹ ਕੇ ਵਤਨ ਦੀ ਲਾਜ ਬਚਾਏ।

ਭਾਰਤ ਮਾਂ ਦੇ ਗਲ ਪਈਆਂ ਬੇਈਮਾਨੀ, ਦਹੇਜ ਪ੍ਰਥਾ, ਭਰੂਣ ਹੱਤਿਆਂ, ਨਸ਼ਾਖੋਰੀ, ਭ੍ਰਿਸ਼ਟਾਚਾਰ, ਵਿਭਚਾਰ ਅਤੇ ਧਾਰਮਿਕ ਸੰਕੀਰਣਤਾ ਦੀਆਂ ਜੰਜ਼ੀਰਾਂ ਕੱਟਣ ਲਈ ਅਜੋਕੇ ਨੌਜਵਾਨਾਂ ਨੂੰ ਕੁਝ ਫ਼ਰਜ਼ ਨਿਭਾਉਣ ਬਣਦੇ ਹਨ ਜੋ ਇਸ ਪ੍ਰਕਾਰ ਹਨ:-

-ਦਹੇਜ ਨਾ ਲੈਣ ਜਾਂ ਨਾ ਦੇਣ ਦਾ ਫ਼ੈਸਲਾ ਪੂਰੀ ਤਰ੍ਹਾਂ ਨੌਜਵਾਨਾਂ ਦੇ ਹੱਥ ਵਿਚ ਹੀ ਹੈ। ਪੜ੍ਹੀਆਂ-ਲਿਖੀਆਂ ਕੁੜੀਆਂ ਜੇਕਰ ਮਨ ਬਣਾ ਲੈਣ ਕਿ ਦਹੇਜ ਦੇ ਲੋਭੀਆਂ ਦੇ ਵਿਹੜੇ ਉਹ ਪੈਰ ਵੀ ਨਹੀਂ ਧਰਨਗੀਆਂ ਤੇ ਬਿਨਾ ਕਿਸੇ ਸੰਕੋਚ ਤੋਂ ਬੂਹੇ ਆਈਆਂ ਬਰਾਤਾਂ ਵਾਪਸ ਮੋੜ ਦੇਣਗੀਆਂ ਤਾਂ ਦਹੇਜ ਦੇ ਲੋਭੀਆਂ ਦੇ ਮੂੰਹ ‘ਤੇ ਐਸੀ ਕਰਾਰੀ ਚਪੇੜ ਵੱਜੇਗੀ ਕਿ ਉਹ ਸਮਾਜ ਵਿਚ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਿ ਜਾਣਗੇ। ਨੌਜਵਾਨ ਮੁੰਡੇ ਵੀ ਪਦਾਰਥਾਂ ਦੀ ਥਾ ਦੁਲਹਨ ਦੇ ਗੁਣਾ ਤੇ ਸੰਸਕਾਰਾਂ ਨੂੰ ਹੀ ਦਹੇਜ ਸਮਝਣ ਵਾਲੀ ਸੋਚ ਆਪਣੇ ਮੱਥੇ ‘ਚ ਰੱਖਣ ਤਾਂ ਇਹ ਕੁਰੀਤੀ ਮੁੱਕ ਸਕਦੀ ਹੈ। ਨੌਜਵਾਨਾਂ ਮੁੰਡੇ ਤੇ ਕੁੜੀਆਂ ਜੇਕਰ ਵਿਆਹ-ਸ਼ਾਦੀਆਂ ‘ਤੇ ਬੇਤਹਾਸ਼ਾ ਖ਼ਰਚ ਕਰਨ ਦੀ ਥਾਂ ਸਾਦੇ ਵਿਆਹ ਦੀ ਪਿਰਤ ਪਾਉਣ ਤਾਂ ਧੀਆਂ, ਮਾਪਿਆਂ ਨੂੰ ਵਿੱਤੀ ਬੋਝ ਲੱਗਣਾ ਬੰਦ ਹੋ ਜਾਣਗੀਆਂ।

- Advertisement -

-ਕੰਜਕਾਂ ਨੂੰ ਪੂਜਣ ਵਾਲੇ ਇਸ ਦੇਸ਼ ਵਿਚ ਧੀਆਂ ਨੂੰ ਕੁੱਖ ਅੰਦਰ ਹੀ ਕਤਲ ਕਰ ਦੇਣਾ ਇੱਕ ਬੱਜਰ ਗੁਨਾਹ ਹੈ। ਵਿਆਹੁਤਾ ਕੁੜੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਦੇ ਵੀ ਦਬਾਅ ਹੇਠ ਆ ਕੇ ਭਰੂਣ ਹੱਤਿਆ ਜਿਹੇ ਮਹਾਂਪਾਪ ਵਿਚ ਹਿੱਸੇਦਾਰ ਨਹੀਂ ਹੋਣਗੀਆਂ ਤੇ ਧੀਆਂ ਨੂੰ ਜਨਮ ਦੇ ਕੇ ਪੁੱਤਾਂ ਵਾਲਾ ਪਿਆਰ ਦਿੰਦਿਆਂ ਹੋਇਆ ਉਨ੍ਹਾਂ ਦੀ ਪਰਵਰਿਸ਼ ਕਰਨਗੀਆਂ। ਅਜਿਹਾ ਕਰਨ ਨਾਲ ਭਾਰਤ ਮਾਂ ਦੇ ਗਲ ਪਈ ਗੁਲਾਮੀ ਦੀ ਇੱਕ ਜ਼ੰਜੀਰ ਕੱਟੀ ਜਾਵੇਗੀ।

-ਨਸ਼ਿਆਂ ਦੀ ਗ੍ਰਿਫ਼ਤ ਵਿਚ ਬੁਰੀ ਤਰ੍ਹਾ ਫਸ ਚੁੱਕੀ ਅਜੋਕੀ ਨੌਜਾਵਨ ਪੀੜ੍ਹੀ ਨੂੰ ‘ਆਜ਼ਾਦੀ’ ਦੀ ਇਹ ਲੜਾਈ ਹੁਣ ਆਪ ਹੀ ਲੜ੍ਹਨੀ ਪਵੇਗੀ। ਨਸ਼ੇ ਦੀ ਚੰਦਰੀ ਅਲਾਮਤ ਤੋਂ ਆਪ ਬਚਣ ਦੇ ਨਾਲ-ਨਾਲ ਆਪਣੇ ਸਾਥੀਆਂ ਨੂੰ ਇਸ ਤੋਂ ਬਚਾਉਣ ਦਾ ਮਹਾਂਕਾਜ ਨੌਜਵਾਨਾਂ ਨੂੰ ਹੀ ਕਰਨਾ ਪਏਗਾ। ਇੱਥੇ ਹੀ ਬਸ ਨਹੀਂ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਨੂੰ ਕਾਨੂੰਨ ਦੇ ਹਵਾਲੇ ਕਰਵਾਉਣ ਲਈ ਉਨ੍ਹਾ ਨੂੰ ਸਿਰ-ਧੜ ਦੀ ਬਾਜ਼ੀ ਵੀ ਲਗਾਉਣੀ ਪਏਗੀ। ਨਸ਼ਿਆਂ ਵਿਰੁੱਧ ਜੰਗ ਇੱਕ ਕਠਿਨ ਕਾਰਜ ਤਾਂ ਹੈ ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ, ਸੰਘਰਸ਼ ਅਤੇ ਕੁਰਬਾਨੀਆਂ ਨਾਲ ਮਿਲਦੀ ਹੈ, ਗੱਲਾਂ ਨਾਲ ਨਹੀਂ।

-ਬਲਾਤਕਾਰ ਅਤੇ ਅਜਿਹੇ ਹੋਰ ਕੁਕਰਮਾਂ ਦੇ ਮੱਦੇਨਜ਼ਰ, ਗ਼ਲਤ ਅਨਸਰਾਂ ਹੱਥੋਂ ਭਾਰਤੀ ਧੀਆਂ-ਭੇਣਾਂ ਦੀ ਪੱਤ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ। ਚਰਿੱਤਰ ਪੱਖੋਂ ਗਿਰਾਵਟ ਦਾ ਨਿਰੰਤਰ ਸ਼ਿਕਾਰ ਬਣ ਨਹੀਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਆਪਣਾ ਸਦਾਚਾਰਕ ਚਰਿੱਤਰ ਉੱਚਾ ਰੱਖੇ। ਬਲਾਤਕਾਰ ਪੀੜਤ ਕੁਆਰੀਆਂ ਕੁੜੀਆਂ ਨਾਲ ਸ਼ਾਦੀ ਕਰਵਾ ਕੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਕੁੜੀਆਂ ਨੂੰ ਸਮਾਜ ਵਿਚ ਉਹ ਸਥਾਨ ਅਤੇ ਸਨਮਾਨ ਦੁਆਉਣ ਜਿਸ ਦੀਆਂ ਉਹ ਅਸਲ ਵਿਚ ਹੱਕਦਾਰ ਹਨ।

-ਨੌਜਵਾਨਾਂ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਧਾਰਮਿਕ ਕੱਟੜਪੰਥੀਆਂ ਤੋਂ ਸੁਚੇਤ ਰਹਿਣ ਤੇ ਉਨ੍ਹਾ ਦੀਆਂ ਗੱਲਾਂ ‘ਚ ਆ ਕੇ ਕੋਈ ਵੀ ਅਜਿਹਾ ਕਾਰਾ ਨਾ ਕਰਨ ਜੋ ਮਨੁੱਖਤਾ ਅਤੇ ਮੁਲਕ ਵਿਰੋਧੀ ਹੋਵੇ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਕੱਟੜਵਾਦੀ ਨੇਤਾਵਾਂ ਅਤੇ ਅਖੌਤੀ ਧਰਮ ਗੁਰੂਆਂ ਦੇ ਕੰਨਾਂ ‘ਚ ਇਹ ਗੱਲ ਜ਼ਰੂਰ ਪਾ ਦੇਣ ਕਿ ਧਰਮ, ਵੰਡੀਆਂ ਪਾਉਣ ਲਈ ਜਾਂ ਮਨੁੱਖਤਾ ਨੂੰ ਲਹੂ-ਲੁਹਾਨ ਕਰਨ ਲਈ ਨਹੀਂ ਬਣੇ ਹਨ ਸਗੋਂ ਇਹ ਤਾਂ ਸਭ ਨੂੰ ਮੁਹੱਬਤ, ਸਤਿਕਾਰ ਅਤੇ ਸ਼ਾਂਤੀ ਪ੍ਰਦਾਨ ਕਰਨ ਲਈ ਬਣੇ ਹਨ।

ਅੰਤ ਵਿਚ ਇਹ ਕਹਿਣਾ ਬਣਦਾ ਹੈ ਕਿ ਮੁਲਕ ਦੇ ਨੌਜਵਾਨਾਂ ਲਈ ਅੱਜ ਇਮਤਿਹਾਨ ਦੀ ਘੜੀ ਹੈ। ਨੌਜਵਾਨਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਭਾਰਤ ਮਾਂ ਦੇ ਗਲ ਪਈਆਂ ਗਰੀਬੀ, ਅਨਪੜ੍ਹਤਾ, ਮਹਿੰਗਾਈ, ਭ੍ਰਿਸ਼ਟਾਚਾਰ, ਦਹੇਜ ਪ੍ਰਥਾ, ਨਸ਼ਾਖੋਰੀ, ਬਲਾਤਕਾਰ ਆਦਿ ਜਿਹੀਆਂ ਜ਼ੰਜੀਰਾਂ ਨੂੰ ਤੋੜਨ ਲਈ ਅੱਗੇ ਆਉਣ ਅਤੇ ਮਾਤ-ਭੂਮੀ ਦਾ ਕਰਜ਼ ਚੁਕਾਉਣ।

- Advertisement -

ਸੰਪਰਕ: 97816-46008

Share this Article
Leave a comment