ਚੰਡੀਗੜ੍ਹ, (ਅਵਤਾਰ ਸਿੰਘ): ਪੀ ਏ ਯੂ, ਲੁਧਿਆਣਾ ਵਿਚ ਰਾਸ਼ਟਰੀ ਖੇਤੀ ਵਿਗਿਆਨ ਅਕਾਦਮੀ (ਐਨ ਏ ਏ ਐਸ) ਦੇ ਲੁਧਿਆਣਾ ਚੈਪਟਰ ਵਲੋਂ ਆਨਲਾਈਨ ਲੈਕਚਰ ਲੜੀ ਦਾ ਭਾਸ਼ਣ ਕਰਵਾਇਆ। ਇਸ ਭਾਸ਼ਣ ਦੇ ਵਕਤਾ ਚੌਧਰੀ ਸਰਵਣ ਕੁਮਾਰ ਹਿਮਾਚਲ ਪ੍ਰਦੇਸ਼, ਕ੍ਰਿਸ਼ੀ ਵਿਸ਼ਵ ਵਿਦਿਆਲਾ ਪਾਲਮਪੁਰ ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ ਅਤੁਲ ਸਨ। ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਭਾਸ਼ਣ ਦਾ ਸਿਰਲੇਖ ‘ਅੱਜ ਦੇ ਡਿਜੀਟਲ ਸੰਚਾਰ ਦੇ ਯੁਗ ਵਿਚ ਨਵੇਂ ਤਰੀਕੇ ਅਤੇ ਵਿਧੀਆਂ’ ਸੀ। ਇਸ ਭਾਸ਼ਣ ਵਿਚ ਆਈ ਸੀ ਏ ਆਰ ਸੰਸਥਾਵਾਂ ਦੇ ਨਿਰਦੇਸ਼ਕ ਅਤੇ ਅਮਲੇ ਦੇ ਨਾਲ ਨਾਲ ਐਨ ਏ ਏ ਐਸ, ਪੀ ਏ ਯੂ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਵਿਗਿਆਨੀ ਅਤੇ ਅਧਿਕਾਰੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ 100 ਤੋਂ ਵਧੇਰੇ ਮਾਹਿਰ ਸ਼ਾਮਿਲ ਹੋਏ।
ਡਾ ਅਤੁਲ ਨੇ ਆਪਣੇ ਭਾਸ਼ਣ ਵਿਚ ਕਿਹਾ ਕੋਵਿਡ -19 ਵਰਗੀ ਮਹਾਮਾਰੀ ਦਾ ਸਾਹਮਣਾ ਕਰਦਿਆਂ ਸਾਨੂੰ ਆਉਣੀ ਤਕਨਾਲੋਜੀ ਨੂੰ ਦੋਬਾਰਾ ਵਿਉਂਤਣਾ ਪਿਆ ਹੈ। ਇਸ ਨਵੇਂ ਯੁਗ ਵਿਚ ਹੂਬਹੂ ਸੰਚਾਰ ਨਾ ਸਿਰਫ ਭਵਿੱਖ ਵਿਚ ਸਾਡਾ ਪ੍ਰਮੁੱਖ ਸਰੋਤ ਹੀ ਬਣੇਗਾ ਬਲਕਿ ਇਸ ਨਾਲ ਸਮੇਂ ਅਤੇ ਸਥਾਨ ਤੋਂ ਪਾਰ ਦੇ ਸੰਚਾਰ ਦੀਆਂ ਸੰਭਾਵਨਾਵਾਂ ਵੀ ਬਣਨਗੀਆਂ। ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਦੇ ਤਰੀਕਿਆਂ ਅਤੇ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਵੈਬ ਕੈਮ, ਮਾਇਕ੍ਰੋਫੋਨ ਅਤੇ ਇੰਟਰਨੈਟ ਜ਼ਰੂਰੀ ਹੋਏ ਹਨ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ 30 ਦੇ ਕਰੀਬ ਤਕਨਾਲੋਜੀਆਂ ਵਿਚੋਂ 10 ਸਭ ਤੋਂ ਜ਼ਰੂਰੀ ਹਨ। ਇਨ੍ਹਾਂ ਵਿਚ ਜ਼ੂਮ, ਗੂਗਲ ਮੀਟ, ਗੂਗਲ ਟਾਕ, ਊਬਰ ਕਾਨਫਰੰਸ, ਸਕਾਈਪ, ਮਾਇਕ੍ਰੋਸਾਫਟ ਟੀਮਜ਼, ਸਿਸਕੋ ਵੈਬੇਕਸ ਮੀਟਿੰਗਜ਼, ਰਿੰਗ ਸੈਂਟਰਲ ਮੀਟਿੰਗਜ਼ ਆਦਿ ਪ੍ਰਮੁੱਖ ਹਨ । ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ 48 ਐਪਾਂ ਉਪਰ ਪਾਬੰਦੀ ਲਾਈ ਗਈ ਹੈ। ਉਨ੍ਹਾਂ ਨੇ ਜ਼ੂਮ ਅਤੇ ਗੂਗਲ ਮੀਟ ਦੀ ਥਾਂ ਲੈਣ ਵਾਲੀਆਂ ਕੇਰਲਾ ਦੇ ਸਾਫਟਵੇਅਰ ਦੀ ਗੱਲ ਕੀਤੀ ਜੋ ਕੇਂਦਰ ਸਰਕਾਰ ਦੇ ਦਫ਼ਤਰਾਂ ਵਿਚ ਵਰਤੇ ਜਾਣ ਲਈ ਤਿਆਰ ਹੈ। ਇਸ ਦੇ ਨਾਲ- ਨਾਲ ਦਾ ਅਤੁਲ ਨੇ ਡਾਟਾਬੇਸ ਪ੍ਰਬੰਧਨ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ।
ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਇੰਦਰਜੀਤ ਸਿੰਘ ਨੇ ਇਸ ਭਾਸ਼ਣ ਨੂੰ ਨਵੀਆਂ ਸੰਚਾਰ ਤਕਨੀਕਾਂ ਨਾਲ ਜਾਣ- ਪਛਾਣ ਕਰਵਾਉਣ ਕਿਹਾ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਭਾਸ਼ਣ ਖੇਤੀ ਵਿਗਿਆਨੀਆਂ ਨੂੰ ਅਕਾਦਮਿਕ ਅਤੇ ਪਸਾਰ ਸੇਵਾਵਾਂ ਵਿਚ ਸੰਚਾਰ ਲਈ ਨਵੀਂ ਊਰਜਾ ਦੇਵੇਗਾ।
ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿਖਿਆ ਡਾ ਜਸਕਰਨ ਸਿੰਘ ਮਾਹਲ ਡਾ ਅਤੁਲ ਦੀ ਜਾਣ- ਪਛਾਣ ਕਰਾਈ। ਉਨ੍ਹਾਂ ਕਿਹਾ ਕਿ ਪਸਾਰ ਸਿੱਖਿਆ ਸੇਵਾਵਾਂ ਦੇ ਖੇਤਰ ਵਿਚ ਡਾ ਅਤੁਲ ਆਪਣੀ ਲਗਨ ਅਤੇ ਮਿਹਨਤ ਨਾਲ ਨਵੇਂ ਵਿਚਾਰ ਸਾਹਮਣੇ ਲਿਆਉਂਦੇ ਰਹੇ ਹਨ। ਡਾ ਮਾਹਲ ਨੇ ਕੋਵਿਡ-19 ਦੇ ਮੱਦੇਨਜ਼ਰ ਪਸਾਰ ਮਾਹਿਰਾਂ ਨੂੰ ਨਵੇਂ ਸੰਚਾਰ ਤਰੀਕੇ ਅਪਨਾਉਣ ਲਈ ਕਿਹਾ। ਉਨ੍ਹਾਂ ਨੇ ਪੀ ਏ ਯੂ ਵਲੋਂ ਕਰਵਾਏ ਵਰਚੂਅਲ ਕਿਸਾਨ ਮੇਲੇ ਅਤੇ ਹਫਤਾਵਰ ਆਨਲਾਈਨ ਲਾਈਵ ਪ੍ਰੋਗਰਾਮਾਂ ਦੇ ਨਾਲ ਨਾਲ ਆਨਲਾਈਨ ਸਿਖਲਾਈਆਂ ਨੂੰ ਅਜੋਕੇ ਸਮੇਂ ਦੇ ਸੰਚਾਰ ਤਰੀਕੇ ਕਿਹਾ।
ਅਟਾਰੀ ਦੇ ਨਿਰਦੇਸ਼ਕ ਡਾ ਰਾਜਬੀਰ ਸਿੰਘ ਨੇ ਇਸ ਦੌਰ ਦੇ ਬਦਲਾਅ ਬਾਰੇ ਗੱਲ ਕੀਤੀ। ਡਾ ਰਾਜਬੀਰ ਸਿੰਘ ਨੇ ਇਸ ਦੌਰ ਵਿਚ ਡਿਜੀਟਲ ਤਕਨੀਕਾਂ ਉੱਪਰ ਜ਼ੋਰ ਦਿੰਦਿਆਂ ਇਸਦੀ ਪਹੁੰਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਤਕ ਵਧਾਉਣ ਦੀ ਲੋੜ ਉੱਪਰ ਜ਼ੋਰ ਵੀ ਦਿੱਤਾ। ਧੰਨਵਾਦ ਦੇ ਸ਼ਬਦ ਬੋਲਦੇ ਸਮੇਂ ਡਾ ਰਾਜਬੀਰ ਸਿੰਘ ਨੇ ਪੀ ਏ ਯੂ ਦੇ ਵਰਚੂਅਲ ਕਿਸਾਨ ਮੇਲੇ ਦੀ ਸਫਲਤਾ ਦਾ ਜ਼ਿਕਰ ਵੀ ਕੀਤਾ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ ਪ੍ਰਦੀਪ ਕੁਮਾਰ ਛੁਨੇਜਾ ਨੇ ਇਸ ਸਮਾਗਮ ਦੀ ਕਾਰਵਾਈ ਬਾਖੂਬੀ ਚਲਾਈ।