ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਸ ਵਾਰ ਸੂਬੇ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ ਗਿਰਾਵਟ ਆਈ ਹੈ। ਇਸ ਤੋਂ ਉਲਟ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ। ਜਿਸ ‘ਚ ਦਿਖਾਇਆ ਗਿਆ ਹੈ ਧੂੰਏਂ ਦੀ ਚਾਦਰ ਨਾਲ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਕਿਵੇਂ ਢੱਕਿਆ ਹੋਇਆ ਹੈ। ਨਾਸਾ ਵੱਲੋਂ ਜਾਰੀ ਕੀਤੀਆਂ ਤਸਵੀਰਾਂ ‘ਚ ਪੰਜਾਬ ਤੇ ਹਰਿਆਣਾਂ ਦੀ ਸਥਿਤੀ ਦਿਖਾਈ ਗਈ ਹੈ। ਜਿਸ ਤੋਂ ਸਾਫ਼ ਹੈ ਕਿ ਪੰਜਾਬ ‘ਚ ਪਰਾਲੀ ਨੂੰ ਅੱਗ ਵੱਡੇ ਪੱਧਰ ‘ਤੇ ਲਾਈ ਜਾ ਰਹੀ ਹੈ।
ਦੂਜੇ ਪਾਸੇ ਕਿਸਾਨ ਵੀ ਮਜ਼ਬੂਰ ਨੇ ਕੀ ਖੇਤਾਂ ‘ਚ ਹੀ ਪਰਾਲੀ ਨੂੰ ਸਾੜਿਆ ਜਾਵੇ। ਕਿਸਾਨਾਂ ਮੁਤਾਬਕ ਨਾਂ ਤਾਂ ਸੂਬਾ ਸਰਕਾਰ ਤੇ ਨਾ ਹੀ ਕੇਂਦਰ ਨੇ ਪਰਾਲੀ ਸਾੜਨ ਲਈ ਉਹਨਾਂ ਨੂੰ ਕੋਈ ਰਾਹਤ ਪੈਕੇਜ ਜਾਰੀ ਕੀਤਾ ਹੈ। ਉਲਟਾ ਕੇਂਦਰ ਸਰਕਾਰ ਪਰਾਲੀ ਸਾੜਨ ਦੇ ਮਾਮਲੇ ‘ਚ ਇੱਕ ਆਰਡੀਨੈਸ ਲੈ ਕੇ ਆਈ ਹੈ। ਜਿਸ ‘ਚ ਪ੍ਰਦੂਸ਼ਨ ਫੈਲਾਉਣ ਵਾਲੇ ਖਿਲਾਫ਼ ਇੱਕ ਕਰੋੜ ਰੁਪਏ ਜੁਰਮਾਨਾ ਤੇ ਪੰਜ ਸਾਲ ਦੀ ਸਜ਼ਾ ਦੀ ਤਜਵੀਜ਼ ਦਿੱਤੀ ਗਈ ਹੈ। ਹਲਾਂਕਿ ਇਸ ਨੂੰ ਰਾਸ਼ਟਰਪਤੀ ਨੇ ਮਨਜ਼ੂਰ ਕਰ ਲਿਆ ਹੈ ਤੇ ਹੁਣ ਇਸ ਤੇ ਸੁਪਰੀਮ ਕੋਰਟ ਵਿਚਾਰ ਚਰਚਾ ਕਰੇਗੀ।
ਪਰ ਅੱਜ ਨਾਸਾ ਵੱਲੋਂ ਭੇਜੀਆਂ ਗਈਆਂ ਤਸਵੀਰਾਂ ‘ਚ ਪਰਾਲੀ ਸਾੜਨ ਦੇ ਮਾਮਲੇ ਜੱਗ ਜਾਹਰ ਕੀਤੇ ਗਏ ਹਨ। ਨੈਸ਼ਨਲ ਐਰੋਨੋਟਿਕਸ ਤੇ ਸਪੇਸ ਐਡਮਿਨਿਸਟ੍ਰੇਸ਼ਨ ਦੇ ਸੈਟੇਲਾਈਟ ਚਿੱਤਰ ਜੋ ਟਾਈਮਜ਼ ਨੈਟਵਰਕ ਦੁਆਰਾ ਪ੍ਰਾਪਤ ਕੀਤੇ ਗਏ ਹਨ, 25 ਅਕਤੂਬਰ ਤੋਂ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਦਰਸਾ ਰਹੇ ਹਨ।