ਨੰਦੇੜ ਸਾਹਿਬ : ਗੁਰਦੁਆਰਾ ਲੰਗਰ ਸਾਹਿਬ ‘ਚ 20 ਲੋਕ ਮਿਲੇ ਕੋਰੋਨਾ ਪਾਜ਼ੀਟਿਵ

TeamGlobalPunjab
2 Min Read

ਮਹਾਂਰਾਸ਼ਟਰ : ਦੇਸ਼ ‘ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਮਹਾਂਰਾਸ਼ਟਰ ਸੂਬਾ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ‘ਚ ਹੀ ਨੰਦੇੜ ਸਥਿਤ ਗੁਰੂਦੁਆਰਾ ਲੰਗਰ ਸਾਹਿਬ ਵਿਚ ਰਹਿਣ ਵਾਲੇ 20 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜ਼ਿਲ੍ਹੇ ਦੇ ਸਿਵਲ ਸਰਜਨ ਡਾ: ਨੀਲਕੰਠ ਭੋਸੀਕਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂਦੁਆਰਾ ਲੰਗਰ ਸਾਹਿਬ ਵਿੱਚ ਰਹਿਣ ਵਾਲੇ ਕੁੱਲ 97 ਵਿਅਕਤੀਆਂ ਦੇ ਕੋਰੋਨਾ ਜਾਂਚ ਨਮੂਨੇ ਲਏ ਗਏ ਸਨ। ਜਿਨ੍ਹਾਂ ‘ਚੋਂ 20 ਵਿਅਕਤੀਆਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ।

ਸਿਵਲ ਸਰਜਨ ਨੇ ਕਿਹਾ ਕਿ ਕੋਰੋਨਾ ਸੰਕਰਮਿਤ ਲੋਕਾਂ ਨੂੰ ਐਨਆਰਆਈ ਭਵਨ ਕੋਵਿਡ-19 ਕੇਅਰ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਲੰਗਰ ਸਾਹਿਬ ਦੇ 97 ਵਿਅਕਤੀਆਂ ਦੇ ਜਾਂਚ ਲਈ ਨਮੂਨੇ 30 ਅਪ੍ਰੈਲ ਅਤੇ 1 ਮਈ ਨੂੰ ਲਏ ਗਏ ਸਨ ਜਿਨ੍ਹਾਂ ‘ਚੋਂ 25 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਜਦ ਕਿ 41 ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਇਸ ਤੋਂ ਇਲਾਵਾ 11 ਹੋਰਾਂ ਦੀ ਰਿਪੋਰਟ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਭੋਸੀਕਰ ਨੇ ਦੱਸਿਆ ਕਿ ਇਨ੍ਹਾਂ  ਨਵੇਂ ਮਿਲੇ ਮਾਮਲਿਆਂ ਨੂੰ ਮਿਲਾ ਕੇ ਨੰਦੇੜ ਸਾਹਿਬ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 26 ਤੱਕ ਪੁੱਜ ਗਈ ਹੈ। ਜਿਸ ‘ਚੋਂ ਦੋ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।

ਦੱਸ ਦਈਏ ਕਿ ਮਹਾਂਰਾਸ਼ਟਰ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 11,506 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 485 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ 1,879 ਲੋਕ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਫਿਲਮੀ ਨਗਰੀ ਮੁੰਬਈ ‘ਚ ਹਨ। ਦੂਜੇ ਪਾਸੇ ਦੇਸ਼ ‘ਚ ਕੋਰੋਨਾ ਦੇ ਹੁਣ ਤੱਕ 37 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 1218 ਲੋਕ ਕੋਰੋਨਾ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

Share This Article
Leave a Comment