ਵਰਲਡ ਡੈਸਕ : -ਮਿਆਂਮਾਰ ‘ਚ ਫ਼ੌਜੀ ਤਖ਼ਤਾ ਪਲਟ ਦਾ ਵਿਰੋਧ ਕਰ ਰਹੇ ਲੋਕਾਂ ‘ਤੇ ਸੋਮਵਾਰ ਨੂੰ ਮੁੜ ਗੋਲ਼ੀਆਂ ਚਲਾਈਆਂ ਗਈਆਂ। ਇਸ ‘ਚ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਫ਼ੌਜੀ ਤਖ਼ਤਾ ਪਲਟ ਖ਼ਿਲਾਫ਼ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ‘ਚ ਪੁਲਿਸ ਦੀ ਫਾਇਰਿੰਗ ਨਾਲ ਹੁਣ ਤਕ 50 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਫੇਸਬੁੱਕ ‘ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿਚ ਉੱਤਰੀ ਮਿਆਂਮਾਰ ਦੇ ਮਿਯਤਚੀਨ ਸ਼ਹਿਰ ਦੀ ਸੜਕ ‘ਤੇ ਦੋ ਲਾਸ਼ਾਂ ਪਈਆਂ ਦਿਖਾਈ ਦੇ ਰਹੀਆਂ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ‘ਤੇ ਗੋਲ਼ੀਆਂ ਚਲਾਈਆਂ ਗਈਆਂ ਅਤੇ ਅੱਥਰੂ ਗੈਸ ਦੇ ਗੋਲ਼ੇ ਦਾਗੇ ਗਏ। ਇਸ ‘ਚ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ। ਨੇੜੇ ਦੀਆਂ ਇਮਾਰਤਾਂ ਤੋਂ ਕੀਤੀ ਗਈ ਫਾਇਰਿੰਗ ‘ਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ।
ਯੰਗੂਨ ‘ਚ ਨਿਰਮਾਣ, ਖੇਤੀ ਤੇ ਮੈਨੂਫੈਕਚਰਿੰਗ ਸੈਕਟਰਾਂ ਨਾਲ ਜੁੜੇ ਸੰਗਠਨਾਂ ਦੀ ਅਪੀਲ ‘ਤੇ ਕਾਰਖਾਨਿਆਂ, ਬੈਂਕਾਂ ਤੇ ਦੁਕਾਨਾਂ ਨੂੰ ਵੀ ਬੰਦ ਰੱਖਿਆ ਗਿਆ। ਇਨ੍ਹਾਂ ਸੰਗਠਨਾਂ ਨੇ ਫ਼ੌਜੀ ਸ਼ਾਸਨ ਖ਼ਤਮ ਕਰਨ ਤੇ ਚੁਣੀ ਸਰਕਾਰ ਦੀ ਸਰਬਉੱਚ ਨੇਤਾ ਆਂਗ ਸਾਨ ਸੂ ਕੀ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਮਿਆਂਮਾਰ ਦੇ ਸਾਰੇ ਲੋਕਾਂ ਨੂੰ ਕੰਮ ਬੰਦ ਕਰਨ ਦਾ ਸੱਦਾ ਦਿੱਤਾ ਹੈ।