ਚੰਡੀਗੜ੍ਹ : ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅਕਾਲੀ-ਬਸਪਾ ਗਠਜੋੜ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਸੀ, ਜਿਸ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਬਿੱਟੂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ’ਤੇ ਲੋਕਾਂ ਵੱਲੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਬਿੱਟੂ ਨੇ ਕਿਹਾ ਸੀ ਕਿ ਅਕਾਲੀਆਂ ਵੱਲੋਂ ਬਹੁਜਨ ਸਮਾਜ ਪਾਰਟੀ ਨੂੰ ਪੰਜਾਬ ਦੀਆਂ ਪਵਿੱਤਰ ਸੀਟਾਂ ਦਿੱਤੀਆਂ ਹਨ।
ਇਸ ਦੇ ਨਾਲ ਹੀ ਬਠਿੰਡਾ ਵਾਸੀ ਨਵਨੀਤ ਕਟਾਰੀਆ ਨੇ ਐੱਸਐੱਸਪੀ ਬਠਿੰਡਾ ਨੂੰ ਰਵਨੀਤ ਬਿੱਟੂ ਖ਼ਿਲਾਫ਼ ਬਸਪਾ ਮੁਖੀ ਮਾਇਆਵਤੀ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰਨ ’ਤੇ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੇ ਵੀਡੀਓ ‘ਚ ਮਾਇਆਵਤੀ ’ਤੇ ਦੋਸ਼ ਲਾਇਆ ਹੈ ਕਿ ਯੂਪੀ ਚੋਣਾਂ ਜਿੱਤਣ ਲਈ ਅਕਾਲੀ ਦਲ ਤੋਂ ਪੈਸੇ ਲਏ ਹਨ। ਉਨ੍ਹਾਂ ਬਿੱਟੂ ’ਤੇ ਲੱਖਾਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ।
ਅਕਾਲੀ ਦਲ-ਬਸਪਾ ਗੱਠਜੋੜ ‘ਤੇ ਰਵਨੀਤ ਬਿੱਟੂ ਵੱਲੋਂ ਦਿੱਤਾ ਗਿਆ ਬਿਆਨ:
ਇਸ ਸਭ ਦੇ ਚਲਦਿਆਂ ਰਵਨੀਤ ਬਿੱਟੂ ਨੇ ਇੱਕ ਹੋਰ ਵੀਡੀਓ ਰਾਹੀਂ ਸਫਾਈ ਦਿੰਦਿਆਂ ਕਿਹਾ ਕਿ, ਉਨ੍ਹਾਂ ਦਾ ਬਿਆਨ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਇੱਛਾ ਦਲਿਤ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਬਿੱਟੂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਾਹਿਬ ਤੇ ਚਮਕੌਰ ਸਾਹਿਬ ਦੋਵੇਂ ਪਵਿੱਤਰ ਸੀਟਾਂ ਹਨ। ਅਕਾਲੀ ਦਲ ਨੇ ਜਾਣ-ਬੁੱਝ ਕੇ ਇਹ ਸੀਟਾਂ ਬਸਪਾ ਲਈ ਛੱਡੀਆਂ ਹਨ ਤਾਂ ਕਿ ਉਨ੍ਹਾਂ ਨੂੰ ਮੁਖਾਲਫ਼ਤ ਦਾ ਸਾਹਮਣਾ ਨਾਂ ਕਰਨਾ ਪਵੇ। ਉਨ੍ਹਾਂ ਕਿਹਾ ਕਿ ਬਸਪਾ ਦਾ ਮਤਲਬ ਇਹ ਨਹੀਂ ਕਿ ਗੱਲ ਅਨੁਸੂਚਿਤ ਜਾਤੀ ਲੋਕਾਂ ਦੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਸਪਾ ਨਾਲੋਂ ਜ਼ਿਆਦਾ ਦਲਿਤ ਵਰਗ ਕਾਂਗਰਸ ਨਾਲ ਜੁੜਿਆ ਹੋਇਆ ਹੈ।