ਮਾਰਖਮ: ਕੈਨੇਡਾ ‘ਚ ਵਸਦੇ ਮੁਸਲਮਾਨਾਂ ਵੱਲੋਂ ਇਸਲਾਮੋਫੋਬੀਆ ਦੇ ਟਾਕਰੇ ਲਈ ਤੁਰੰਤ ਕਾਨੂੰਨ ਲਿਆਉਣ ਦੀ ਆਵਾਜ਼ ਚੁੱਕੀ ਗਈ ਹੈ, ਪਰ ਨਾਲ ਹੀ ਕਿਹਾ ਗਿਆ ਕਿ ਅਜਿਹੀਆਂ ਹਰਕਤਾਂ ਨਾਲ ਭਾਈਚਾਰੇ ਨੂੰ ਡਰਾਇਆ ਨਹੀਂ ਜਾ ਸਕਦਾ। ਮਾਰਖਮ ਦੀ ਮਸਜਿਦ ‘ਚ ਵਾਪਰੀ ਘਟਨਾ ਤੋਂ ਬਾਅਦ ਭਾਈਚਾਰੇ ਦੇ ਨੁਮਾਇੰਦੇ ਸੋਮਵਾਰ ਨੂੰ ਇਕੱਠੇ ਹੋਏ ਅਤੇ ਕਿਹਾ ਕਿ ਜੇ ਹਮਲਾਵਰ ਆਪਣੇ ਇਰਾਦਿਆਂ ‘ਚ ਕਾਮਯਾਬ ਹੋ ਜਾਂਦਾ ਤਾਂ ਅੱਜ ਕਈਆਂ ਦੀਆਂ ਅੰਤਿਮ ਰਸਮਾਂ ਹੋ ਰਹੀਆਂ ਹੁੰਦੀਆਂ।
ਮਾਰਖਮ ਦੀ ਇਸਲਾਮਿਕ ਸੋਸਾਇਟੀ ਦੇ ਪ੍ਰਧਾਨ ਕਾਜ਼ਿਰ ਨਾਸਿਰ ਖਾਨ ਨੇ ਕਿਹਾ ਕਿ ਇਬਾਦਤਗਾਹਾਂ ਪੂਰੀ ਤਰ੍ਹਾਂ ਸੁਰੱਖਿਅਤ ਹੋਣੀ ਚਾਹੀਦੀਆਂ ਹਨ। ਪੁਲਿਸ ਵੱਲੋਂ ਗ੍ਰਿਫ਼ਤਾਰ 29 ਸਾਲਾ ਸ਼ਰਨ ਕਰੁਣਾਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੱਕੀ ਸਾਡੇ ਧਰਮ ਨਾਲ ਸਬੰਧਤ ਨਹੀਂ ਸੀ ਅਤੇ ਉਸਨੇ ਮਸਜਿਦ ਨੂੰ ਅੱਗ ਲਾਉਣ ਦੀਆਂ ਧਮਕੀਆਂ ਵੀ ਦਿੱਤੀਆਂ। ਸ਼ੱਕੀ ਦੇ ਇਰਾਦਿਆਂ ਨੂੰ ਭਾਂਪਦਿਆਂ ਮਸਜਿਦ ਦੀ ਵਾਲੰਟੀਅਰ ਸੁਰੱਖਿਆ ਟੀਮ ਤੁਰੰਤ ਹਰਕਤ ‘ਚ ਆ ਗਈ ਅਤੇ ਭਾਈਚਾਰੇ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ‘ਚ ਅਹਿਮ ਭੂਮਿਕਾ ਅਦਾ ਕੀਤੀ।
It’s incredibly sad that our community continues to face violent #Islamophobic acts during what many experience as a most sacred time.https://t.co/tvxMUuGnik
— NCCM (@nccm) April 10, 2023
ਕਾਜ਼ਿਰ ਨਾਸਿਰ ਖਾਨ ਵੱਲੋਂ ਫੈਡਰਲ ਸਰਕਾਰ ਨੂੰ ਸੁਰੱਖਿਆ ਫੰਡ ਵਧਾਉਣ ਦੀ ਅਪੀਲ ਵੀ ਕੀਤੀ ਗਈ ਤਾਂ ਕਿ ਖਤਰੇ ਦੀ ਹੱਦ ਵਾਲੀਆਂ ਧਾਰਮਿਕ ਥਾਵਾਂ ‘ਤੇ ਤੀਜੀ ਧਿਰ ਤੋਂ ਸੁਰੱਖਿਆ ਪ੍ਰਬੰਧ ਕਰਵਾਏ ਜਾ ਸਕਣ। ਉਧਰ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਦੀ ਚੀਫ਼ ਅਟਿੰਗ ਅਫ਼ਸਰ ਨਾਦੀਆ ਹਸਨ ਨੇ ਕਿਹਾ ਕਿ ਇਸਲਾਮੋਫੋਬੀਆ ਵਿਰੁੱਧ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੂੰ ਇਸਲਾਮੋਫੋਬੀਆ ਦੇ ਟਾਕਰੇ ਲਈ ਤੁਰੰਤ ਬਿੱਲ ਪਾਸ ਕਰਨਾ ਚਾਹੀਦਾ ਹੈ। ਇਸੇ ਦੌਰਾਨ ਯਾਰਕ ਰੀਜਨਲ ਪੁਲਿਸ ਨੇ ਕਿਹਾ ਕਿ ਸ਼ੱਕੀ ਦੀਆਂ ਆਨਲਾਈਨ ਸਰਗਰਮੀਆਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਅਸਲ ਮਕਸਦ ਪਤਾ ਨਹੀਂ ਲੱਗ ਸਕਿਆ।
ਦੱਸਿਆ ਜਾ ਰਿਹਾ ਹੈ ਕਿ ਸਕਾਰਬ੍ਰੋਅ ਦੀ ਮਸਜਿਦ ‘ਚ ਵੀ ਉਸ ਦਿਨ ਇਸੇ ਕਿਸਮ ਦਾ ਹਾਦਸਾ ਵਾਪਰਿਆ ਅਤੇ ਇਸ ਸ਼ੱਕੀ ਦੀ ਸ਼ਮੂਲੀਅਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਸਕਾਰਬ੍ਰੋਅ ਦੀ ਕੇਂਦਰੀ ਮਸਜਿਦ ਦੇ ਪ੍ਰਬੰਧਕ ਨੇ ਦੱਸਿਆ ਕਿ ਇੱਕ ਵਿਅਕਤੀ ਲਗਾਤਾਰ ਆਪਣੀ ਗੱਡੀ ਇਧਰ-ਉਧਰ ਲਿਜਾ ਰਿਹਾ ਸੀ ਅਤੇ ਇਸੇ ਦੌਰਾਨ ਮਸਜਿਦ ਵਿੱਚ ਆ ਰਹੇ ਭਾਈਚਾਰੇ ਦੇ ਲੋਕਾਂ ਦੇ ਬਿਲਕੁਲ ਨੇੜੇ ਚਲਾ ਗਿਆ। ਲੋਕਾਂ ਦੇ ਨੇੜ੍ਹੇ ਜਾ ਕੇ ਉਸ ਨੇ ਅਚਾਨਕ ਬਰੇਕ ਲਗਾ ਦਿੱਤੀ ਜਿਸ ਨੂੰ ਵੇਖਦਿਆਂ ਪੁਲਿਸ ਸੱਦੀ ਗਈ ਪਰ ਗੱਲਬਾਤ ਤੋਂ ਬਾਅਦ ਉਸ ਨੂੰ ਮੌਕੇ ਤੋਂ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।