ਟੋਰਾਂਟੋ : ਆਏ ਦਿਨ ਵਿਦੇਸ਼ੀ ਧਰਤੀ ‘ਤੇ ਆਪਣੇ ਚੰਗੇ ਭਵਿੱਖ ਲਈ ਜਾਣ ਵਾਲਿਆਂ ‘ਚ ਜਿੱਥੇ ਪੰਜਾਬੀ ਮੋਹਰੀ ਹਨ ਤਾਂ ਉੱਥੇ ਹੀ ਵਿਦੇਸ਼ ਅੰਦਰ ਹੋਣ ਵਾਲੀਆਂ ਮੌਤਾਂ ‘ਚ ਵੀ ਵਧੇਰੇ ਪੰਜਾਬੀ ਹੀ ਸ਼ਾਮਲ ਹੁੰਦੇ ਹਨ। ਤਾਜ਼ਾ ਮਾਮਲਾ ਸਰੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਹਾਈ ਸਕੂਲ ਦੀ ਪਾਰਕਿੰਗ ‘ਚ ਹੋਏ ਝਗੜੇ ਤੋਂ ਬਾਅਦ ਸਾਹਮਣੇ ਆਇਆ ਸੀ। ਜਿਸ ‘ਚ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ ਹੋ ਗਈ।0
ਮ੍ਰਿਤਕ ਦੀ ਪਹਿਚਾਣ ਮਹਿਕਪ੍ਰੀਤ ਸੇਠੀ ਵਜੋਂ ਹੋਈ ਹੈ। ਹਮਲਾਵਰਾਂ ਵੱਲੋਂ ਚਾਕੂ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ ਹੈ। ਬਾਅਦ ਦੁਪਿਹਰ ਸ਼ਹਿਰ ਦੇ ਨਿਊਟਨ ਇਲਾਕੇ ਦੇ ਤਾਮਨਵਿਸ ਸੈਕੰਡਰੀ ਸਕੂਲ ਬਾਹਰ ਇਹ ਮਾਮਲਾ ਸਾਹਮਣੇ ਆਇਆ ਹੈ। ਸੇਠੀ ਨੂੰ ਹਮਲੇ ਤੋਂ ਬਾਅਦ ਜਦੋਂ ਹਸਪਤਾਲ ਲੈ ਜਾਇਆ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉੱਧਰ ਮੀਡੀਆ ਰਿਪੋਰਟਾਂ ਮੁਤਾਬਿਕ ਮਹਿਕਪ੍ਰੀਤ ਦੇ ਪਿਤਾ ਵੱਲੋਂ ਕਿਸੇ ਲੜਕੀ ‘ਤੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਮੁਤਾਬਿਕ ਸੇਠੀ ਦੀ ਮਹਿਲਾ ਦੋਸਤ ਦੇ ਕੁਝ ਹੋਰ ਵੀ ਦੋਸਤ ਸਨ ਜੋ ਕਿ ਸੇਠੀ ਨੂੰ ਪਸੰਦ ਨਹੀਂ ਸੀ ਜਿਸ ਤੋਂ ਬਾਅਦ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਸੇਠੀ ਦੇ ਭੈਣ ਦੇ ਮੁਤਾਬਿਕ ਉਹ ਸਕੂਲ ਤੋਂ ਉਸ ਨੂੰ ਹੀ ਲੈਣ ਗਿਆ ਸੀ ਅਤੇ ਸਕੂਲ ਵੱਲੋ਼ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਹਮਲੇ ਤੋਂ ਬਾਅਦ ਸੇਠੀ ਨੂੰ ਕਿਸ ਹਸਪਤਾਲ ਲੈ ਕੇ ਜਾਇਆ ਗਿਆ ਹੈ।
ਉੱਧਰ ਸਥਾਨਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਸਲੇ ‘ਚ ਇੱਕ 17 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।