ਚੰਡੀਗੜ੍ਹ : ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। 8 ਨਗਰ ਨਿਗਮ, 109 ਨਗਰ ਕੌਂਸਲ ਅਤੇ 1903 ਨਗਰ ਪੰਚਾਇਤਾਂ ਲਈਆਂ ਭਲਕੇ ਵੋਟਿੰਗ ਹੋਵੇਗੀ। ਵੋਟਿੰਗ ਨੂੰ ਸਫ਼ਲ ਬਣਾਉਣ ਦੇ ਲਈ ਚੋਣ ਕਮਿਸ਼ਨ ਨੇ ਸੂਬੇ ‘ਚ 4102 ਪੋਲਿੰਗ ਬੂਥ ਸਥਾਪਿਤ ਕੀਤੇ ਹਨ। ਇਹ ਸਾਰੇ ਬੂਥਾਂ ਦੀ ਜ਼ਿੰਮੇਵਾਰੀ ਲਈ ਚੋਣ ਕਿਮਸ਼ਨ ਨੇ 145 ਰਿਟਰਨਿੰਗ ਅਫ਼ਸਰ ਤਾਇਨਾਤ ਕੀਤੇ ਹਨ। 30 ਆਈ.ਏ.ਐਸ, ਪੀ.ਪੀ.ਐਸ ਨੂੰ ਚੋਣ ਅਬਜ਼ਰਵਰ ਲਾਇਆ ਹੈ। ਸੂਬੇ ਵਿੱਚ ਕੁੱਲ 39,15,280 ਰਜਿਸਟਰਡ ਵੋਟਰ ਹਨ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਹੋਵੇਗੀ।
ਇਸ ਨੂੰ ਦੇਖਦੇ ਹੋਏ ਪੋਲਿੰਗ ਸਟੇਸ਼ਨਾਂ ‘ਤੇ ਚੋਣ ਕਿਮਸ਼ਨ ਨੇ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਈਵੀਐਮ ਮਸ਼ੀਨਾਂ ਦੇ ਨਾਲ ਪੋਲਿੰਗ ਸਟਾਫ ਆਪਣੇ ਸਟੇਸ਼ਨਾਂ ‘ਤੇ ਪਹੁੰਚ ਗਿਆ ਹੈ। ਜਲੰਧਰ ਵਿੱਚ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜਲੰਧਰ ਜ਼ਿਲ੍ਹੇ ਦੇ 110 ਵਾਰਡਾਂ ਲਈ 65 ਥਾਵਾਂ ‘ਤੇ ਬਣਾਏ ਗਏ 126 ਪੋਲਿੰਗ ਸਟੇਸ਼ਨਾਂ ਵਾਸਤੇ 336 ਪੋਲਿੰਗ ਮਸ਼ੀਨਾਂ ਸਣੇ ਸਟਾਫ ਇਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਲੰਧਰ ਵਿਚ ਕੱਲ੍ਹ 6 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਹਨ।
ਓਧਰ ਅੰਮ੍ਰਿਤਸਰ ‘ਚ ਵੀ ਚੋਣਾਂ ਦੀਆਂ ਪੂਰੀਆਂ ਹਨ। ਰਈਆ, ਮਜੀਠਾ, ਜੰਡਿਆਲਾ, ਅਜਨਾਲਾ ਤੇ ਰਮਦਾਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਾਰਡ ਨੰਬਰ 37 ‘ਚ ਕੱਲ ਵੋਟਿੰਗ ਹੋਵੇਗੀ। ਅੱਜ ਵੋਟਿੰਗ ਲਈ ਵੱਖ-ਵੱਖ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਰਵਾਨਾ ਹੋ ਰਹੀਆਂ ਹਨ।ਪੰਜ ਨਗਰ ਕੌਂਸਲਾਂ ਲਈ ਕਰੀਬ 75 ਹਜ਼ਾਰ ਵੋਟਰ ਭਲਕੇ ਆਪਣੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕਰਨਗੇ।