ਜਲੰਧਰ: ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ ਹਨ। ਇਸ ਦੌਰਾਨ ਪੁਲਿਸ ਨੇ ਵੀ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਜਲੰਧਰ ਦੇ ਭਾਰਗਵ ਕੈਂਪ ਵਿੱਚ ਵਰਿੰਦਰ ਮੋਲਾ ਦੇ ਘਰ ਭਾਰੀ ਪੁਲਿਸ ਫੋਰਸ ਨਾਲ ਕਾਰਵਾਈ ਕੀਤੀ ਗਈ। ਜਿੱਥੇ ਪੁਲਿਸ ਨੇ ਤਸਕਰ ਮੋਲਾ ਦੇ ਘਰ ਅਤੇ ਘਰ ਦੇ ਬਾਹਰ ਦੁਕਾਨਾਂ ‘ਤੇ ਬੁਲਡੋਜ਼ਰ ਚਲਾ ਦਿੱਤਾ।
ਜਾਣਕਾਰੀ ਦਿੰਦਿਆਂ ਏ.ਸੀ.ਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨ ਨਗਰ ਨਿਗਮ ਤੋਂ ਸੂਚਨਾ ਮਿਲੀ ਸੀ। ਜਿਸ ਵਿੱਚ ਕਿਹਾ ਗਿਆ ਹੈ ਕਿ ਅੱਜ ਉਨ੍ਹਾਂ ਵੱਲੋਂ ਨਾਜਾਇਜ਼ ਤੌਰ ’ਤੇ ਬਣੀਆਂ ਇਮਾਰਤਾਂ ਖ਼ਿਲਾਫ਼ ਕਾਰਵਾਈ ਕਰਨੀ ਸੀ। ਜਿਸ ਕਾਰਨ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਕਾਰਨ ਅੱਜ ਨਗਰ ਨਿਗਮ ਦੀ ਟੀਮ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਅਤੇ ਪੁਲਿਸ ਅਤੇ ਨਗਰ ਨਿਗਮ ਪ੍ਰਸ਼ਾਸਨ ਦੀ ਅਗਵਾਈ ਹੇਠ ਇਮਾਰਤ ’ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਏ.ਸੀ.ਪੀ ਨੇ ਕਿਹਾ ਕਿ ਤਸਕਰੀ ਦੇ ਮਾਮਲਿਆਂ ਨੂੰ ਲੈ ਕੇ ਮੋਲਾ ‘ਤੇ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਐਮਟੀਪੀ ਇਕਬਾਲਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮਕਾਨ ਮਾਲਕ ਨੂੰ ਪਹਿਲਾਂ ਹੀ ਨੋਟਿਸ ਦਿੱਤਾ ਜਾ ਚੁੱਕਾ ਹੈ। ਪਰ ਜਦੋਂ ਕੋਈ ਜਵਾਬ ਨਾ ਆਇਆ ਤਾਂ ਕਾਰਵਾਈ ਕੀਤੀ ਗਈ। ਇਸ ਦੌਰਾਨ ਬੁਲਡੋਜ਼ਰ ਦੀ ਵਰਤੋਂ ਕਰਕੇ ਨਾਜਾਇਜ਼ ਇਮਾਰਤ ਨੂੰ ਢਾਹ ਦਿੱਤਾ ਗਿਆ।
ਜਲੰਧਰ ਸਿਟੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਸਨ। ਪੁਲਿਸ ਕਿਸੇ ਵੀ ਸਥਿਤੀ ਨੂੰ ਵਧਣ ਤੋਂ ਰੋਕਣ ਲਈ ਤਿਆਰ ਸੀ। ਵਰਿੰਦਰ ਸਿੰਘ ਉਰਫ਼ ਮੌਲਾ, ਉਸ ਦਾ ਭਰਾ ਰੋਹਿਤ ਅਤੇ ਜਤਿੰਦਰ ਸਾਰੇ ਭਾਰਗਵ ਕੈਂਪ ਦੇ ਵਸਨੀਕ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਈ ਮਾਮਲਿਆਂ ਵਿੱਚ ਨਾਮਜ਼ਦ ਹਨ। ਤਿੰਨਾਂ ਨੂੰ ਕਈ ਵਾਰ ਰੋਕਣ ਦੇ ਬਾਵਜੂਦ ਉਹ ਨਸ਼ੇ ਵੇਚਣ ਤੋਂ ਨਹੀਂ ਹਟ ਰਹੇ ਸਨ। ਜਿਸ ਕਾਰਨ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਪੁਲਿਸ ਨੇ ਤਿੰਨਾਂ ਭਰਾਵਾਂ ਵਿਰੁੱਧ ਇਹ ਕਾਰਵਾਈ ਕੀਤੀ।
ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ ਤਿੰਨਾਂ ਭਰਾਵਾਂ ਵਿੱਚੋਂ ਸਭ ਤੋਂ ਬਦਨਾਮ ਤਸਕਰ ਵਰਿੰਦਰ ਸਿੰਘ ਉਰਫ਼ ਮੌਲਾ ਹੈ। ਸਾਰਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਉਸ ਦੀ ਨਿਗਰਾਨੀ ਹੇਠ ਚਲਦਾ ਹੈ। ਇਸ ਦੇ ਨਾਲ ਹੀ ਤਿੰਨਾਂ ਭਰਾਵਾਂ ਵਿਰੁਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਰੀਬ 15 ਮਾਮਲੇ ਦਰਜ ਹਨ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਦੋਸ਼ੀ ਨੂੰ ਪੁਲਿਸ ਨੇ ਇੱਕ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਮੌਜੂਦ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਕਤ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦਾ ਮੁੱਦਾ ਉਠਾਇਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।