ਮੁੰਬਈ (ਬਿੰਦੂ ਸਿੰਘ ) – ਬ੍ਰੀਹਨ ਮੁੰਬਈ ਨਗਰ ਨਿਗਮ ਨੇ ‘ਗਲੋਬਲ ਐਕਸਪਰੈਸ਼ਨ ਆਫ ਇੰਟਰਸਟ’ ਦਾ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ । ਜਿਸ ਵਿੱਚ ਮੁੰਬਈ ਲਈ 1 ਕਰੋੜ ਟੀਕਿਆਂ ਦੀ ਸਪਲਾਈ ਤੇ ਖਰੀਦ ਕਰਨ ਲਈ ਵਿਸ਼ਵ ਦੀਆਂ ਕੰਪਨੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਨੋਟੀਫਿਕੇਸ਼ਨ ਲਈ ਬੋਲੀ ਲਗਾਉਣ ਵਾਲਿਆਂ ਲਈ ਇਕ ਖਾਸ ਸ਼ਰਤ ਰੱਖੀ ਗਈ ਹੈ ਕਿ ਗੁਆਂਢੀ ਮੁਲਕਾਂ ਦੀ ਕੋਈ ਵੀ ਕੰਪਨੀ ਇਸ ਵਿੱਚ ਸ਼ਾਮਲ ਨਹੀਂ ਹੋਣੀ ਚਾਹੀਦੀ। ਇਸ ਵਿੱਚ ਚੀਨ ਦੀਆਂ ਕੰਪਨੀਆਂ ਨੂੰ ਖਾਸ ਤੌਰ ਤੇ ਬਾਹਰ ਰਖਿਆ ਗਿਆ ਹੈ।
ਇਸ ਮਾਮਲੇ ‘ਚ ਮੂੰਬਈ ਨਗਰ ਨਿਗਮ ਦੇ ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਸਾਡੀ ਸੂਬੇ ਦੀ ਸਰਕਾਰ ਵਲੋਂ ਇਹ ਹਿਦਾਇਤਾਂ ਸਾਫ ਤੌਰ ਤੇ ਜਾਰੀ ਕੀਤੀਆਂ ਗਈਆਂ ਹਨ ਕਿ ਚੀਨ ਦੀ ਕਿਸੇ ਵੀ ਕੰਪਨੀ ਦੇ ਵਲੋਂ ਲਾਏ ਟੈਂਡਰ ਤੇ ਗੌਰ ਨਹੀਂ ਕੀਤਾ ਜਾਵੇਗਾ ।
ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਟੈਂਡਰ ਲਗਾਉਣ ਦੀ ਆਖਰੀ ਤਾਰੀਕ 18 ਮਈ ਹੈ ਤੇ ਟੈਂਡਰ ਲਗਣ ਤੋਂ ਬਾਅਦ ਕੰਪਨੀ ਨੂੰ ਵੈਕਸੀਨ ਦੀ ਖੇਪ 3 ਹਫ਼ਤੇ ਦੇ ਅੰਦਰ ਸਪਲਾਈ ਕਰਨੀ ਹੋਵੇਗੀ।ਅਧਿਕਾਰੀ ਨੇ ਕਿਹਾ ਇਸ ਤੋਂ ਇਲਾਵਾ ਕੰਪਨੀ ਨੂੰ ਪ੍ਰਤੀ ਟੀਕਾ ਦੀ ਦਵਾਈ ਦੇ ਹਿਸਾਬ ਨਾਲ ਕੀਮਤ ਟੈਂਡਰ ‘ਚ ਲਿਖਣੀ ਹੋਵੇਗੀ ਤੇ ਉਸ ਟੀਕੇ ਦੀ ਦਵਾਈ ਦਾ ‘ਟਰਾਇਲ ਸਰਟੀਫਿਕੇਟ ਨਾਲ ਨਥੀ ਕਰਨਾ ਹੋਵੇਗਾ ।