ਨਿਊਜ਼ ਡੈਸਕ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮਆਰਐੱਸਪੀਟੀਯੂ) ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੈਨੇਡੀਅਨ ਮੰਤਰੀਆਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਪ੍ਰੋਗਰਾਮ ਵਿਚ ਆਨਲਾਈਨ ਸ਼ਿਰਕਤ ਕਰਨਗੇ।
ਗੁਰੂ ਨਾਨਕ ਸਾਹਿਬ ਦੇ 551ਵੇਂ ਜਨਮ ਸ਼ਤਾਬਦੀ ਸਮਾਗਮ ਵਿਚ ਜਸਟਿਨ ਟਰੂਡੋ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਤੇ ਇਸ ਮੌਕੇ ਐੱਮਆਰਐੱਸਪੀਟੀਯੂ ਦੇ ਉਪ ਕੁਲਪਤੀ ਪ੍ਰੋ. ਬੂਟਾ ਸਿੰਘ ਸਿੱਧੂ ਨੂੰ ਖ਼ਾਸ ਤੌਰ ‘ਤੇ ਕੈਨੇਡਾ ਸਰਕਾਰ ਨੇ ਸੱਦਾ ਦਿੱਤਾ ਹੈ। ਨਵਦੀਪ ਬੈਂਸ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਕੈਨੇਡਾ, ਬਰਦੀਸ਼ ਚੱਗਰ ਵਿਭਿੰਨਤਾ ਤੇ ਯੂਥ ਮੰਤਰੀ ਕੈਨੇਡਾ, ਹਰਜੀਤ ਸੱਜਣ ਕੌਮੀ ਰੱਖਿਆ ਮੰਤਰੀ ਤੇ ਐੱਮਪੀ ਸੁੱਖ ਧਾਲੀਵਾਲ ਨੇ ਪ੍ਰੋ. ਬੂਟਾ ਸਿੰਘ ਸਿੱਧੂ ਨੂੰ ਗੁਰਪੁਰਬ ਦੇ ਜਸ਼ਨਾਂ ਦੇ ਵਰਚੁਅਲ ਸਮਾਗਮ ਲਈ ਕੈਨੇਡੀਅਨ ਸਰਕਾਰ ਵੱਲੋਂ ਸੱਦਾ ਪੱਤਰ ਦਿੱਤਾ ਹੈ।
ਇਹ ਪ੍ਰੋਗਰਾਮ ਸੋਮਵਾਰ ਨੂੰ ਸ਼ਾਮ 3:30 ਵਜੇ ਤੋਂ ਸਾਮ 5: 00 ਵਜੇ ਦਰਮਿਆਨ ਆਨਲਾਈਨ ਕਰਵਾਇਆ ਜਾਵੇਗਾ। ਪ੍ਰੋ. ਸਿੱਧੂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਇਸ ਆਨਲਾਈਨ ਇਤਿਹਾਸਕ ਸਮਾਗਮ ਵਿਚ ਸ਼ਾਮਲ ਹੋਣਾ ਉਨ੍ਹਾਂ ਲਈ ਬਿਹਤਰੀਨ ਤੇ ਸੁਭਾਗਾ ਮੌਕਾ ਹੋਵੇਗਾ।