ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 21 ਕੈਡਿਟਾਂ ਦੀ 3 ਹਫ਼ਤਿਆਂ ‘ਚ NDA ਅਤੇ ਹੋਰ ਰੱਖਿਆ ਸਿਖਲਾਈ ਅਕੈਡਮੀਆਂ ਲਈ ਚੋਣ

Global Team
2 Min Read

ਚੰਡੀਗੜ੍ਹ: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੋਹਾਲੀ) ਦੇ 21 ਕੈਡਿਟਾਂ ਦੀ ਮਹਿਜ਼ ਤਿੰਨ ਹਫ਼ਤਿਆਂ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਹੋਰ ਵੱਕਾਰੀ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਚੋਣ ਹੋਈ ਹੈ। ਇਸ ਅਹਿਮ ਪ੍ਰਾਪਤੀ ਨੇ ਸੰਸਥਾ ਦੀ ਸ਼ਾਨਦਾਰ ਵਿਰਾਸਤ ਵਿੱਚ ਵਾਧਾ ਕੀਤਾ ਹੈ। ਇਸ ਸੰਸਥਾ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 276 ਕੈਡਿਟ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਗਏ ਹਨ।

ਇਸ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ, (ਸੇਵਾਮੁਕਤ) ਨੇ ਦੱਸਿਆ ਕਿ ਕੁੱਲ 18 ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ ਦੇ 154ਵੇਂ ਕੋਰਸ ਲਈ ਚੁਣੇ ਗਏ ਹਨ, ਜਿਨ੍ਹਾਂ ਵਿੱਚ ਆਰੀਅਨ ਸੋਫਤ ਅਤੇ ਓਜਸ ਗੈਂਤ ਪਟਿਆਲਾ ਤੋਂ, ਅਨਹਦ ਸਿੰਘ ਖਾਟੁਮਰੀਆ, ਅਰਮਾਨਵੀਰ ਸਿੰਘ ਅਧੀ, ਹਰਕੰਵਲ ਸਿੰਘ, ਪ੍ਰਜਵੀਰ ਸਿੰਘ, ਅਦਿੱਤਿਆ ਮਿਸ਼ਰਾ ਮੋਹਾਲੀ ਤੋਂ , ਭਾਵਿਕ ਕਾਂਸਲ ਸੰਗਰੂਰ ਤੋਂ , ਮੋਹਨਪ੍ਰੀਤ ਸਿੰਘ, ਬਲਰਾਜ ਸਿੰਘ ਹੀਰਾ, ਈਸ਼ਾਨ ਸ਼ਰਮਾ ਰੋਪੜ ਤੋਂ, ਰਣਬੀਰ ਸਿੰਘ ਤੇ ਇਸ਼ਮੀਤ ਸਿੰਘ ਬਠਿੰਡਾ ਤੋਂ,ਸਮਰਵੀਰ ਸਿੰਘ ਹੀਰ ਤੇ ਨਿਮਿਤ ਸੋਨੀ ਜਲੰਧਰ ਤੋਂ, ਮਨਜੋਤ ਸਿੰਘ ਗੁਰਦਾਸਪੁਰ ਤੋਂ ਅਤੇ ਤਰਨ ਤਾਰਨ ਤੋਂ ਉਧੈਬੀਰ ਸਿੰਘ ਨੰਦਾ ਤੇ ਗੁਰਵੰਸ਼ਬੀਰ ਸਿੰਘ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਕਪੂਰਥਲਾ ਤੋਂ ਕੈਡਿਟ ਗਗਨਦੀਪ ਸਿੰਘ ਨੂੰ ਟੈਕਨੀਕਲ ਐਂਟਰੀ ਸਕੀਮ (ਟੀਈਐਸ) ਦੇ 53ਵੇਂ ਕੋਰਸ ਲਈ ਕਾਲਜ ਆਫ਼ ਮਿਲਟਰੀ ਇੰਜੀਨੀਅਰਿੰਗ (ਸੀਐਮਈ) ਪੁਣੇ ਦੇ ਕੈਡਿਟ ਟਰੇਨਿੰਗ ਵਿੰਗ ਵਿੱਚ ਚੁਣਿਆ ਗਿਆ ਹੈ ਜਦਕਿ ਗੁਰਦਾਸਪੁਰ ਤੋਂ ਕੈਡਿਟ ਅਰਸ਼ਦੀਪ ਸਿੰਘ ਅਤੇ ਮੋਹਾਲੀ ਤੋਂ ਕਰਨ ਕੌਸ਼ਿਸ਼ ਦੀ 218ਵੇਂ ਕੋਰਸ ਲਈ ਏਅਰ ਫੋਰਸ ਅਕੈਡਮੀ ਵਿੱਚ ਚੋਣ ਹੋਈ ਹੈ।

ਰੱਖਿਆ ਸਿਖਲਾਈ ਅਕੈਡਮੀਆਂ ਲਈ ਚੁਣੇ ਗਏ ਕੈਡਿਟਾਂ ਨੂੰ ਵਧਾਈ ਦਿੰਦਿਆਂ ਡਾਇਰੈਕਟਰ ਚੌਹਾਨ ਨੇ ਕਿਹਾ ਕਿ ਸੰਸਥਾ ਦੇ ਕੁਝ ਕੈਡਿਟ ਹਾਲੇ ਵੀ ਆਪਣੇ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਇਸੇ ਤਰ੍ਹਾਂ ਪੂਰੀ ਸੁਹਿਰਦਤਾ ਨਾਲ ਹਥਿਆਰਬੰਦ ਸੈਨਾਵਾਂ ਲਈ ਪ੍ਰਾਇਮਰੀ ਫੀਡਰ ਸੰਸਥਾ ਵਜੋਂ ਕੰਮ ਕਰਦੀ ਰਹੇਗੀ । ਕੈਡਿਟਾਂ ਨੂੰ ਉਨ੍ਹਾਂ ਦੀ ਸਿਖਲਾਈ ਵਿੱਚ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੇ ਕੈਡਿਟਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਪੰਜਾਬ ਅਤੇ ਦੇਸ਼ ਲਈ ਮਾਣ ਵਧਾਉਣ ਵਾਲੇ ਮਿਸਾਲੀ ਅਧਿਕਾਰੀ ਬਣਨ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰਨ।

Share This Article
Leave a Comment