ਇੱਕ ਅਜਿਹੀ ਰਹੱਸਮਈ ਥਾਂ ਜਿੱਥੇ ਹਮੇਸ਼ਾ ਕੜਕਦੀ ਰਹਿੰਦੀ ਹੈ ਆਸਮਾਨੀ ਬਿਜਲੀ

TeamGlobalPunjab
3 Min Read

ਵਿਗਿਆਨ ਨੇ ਚਾਹੇ ਅੱਜ ਕਿੰਨੀ ਵੀ ਤਰੱਕੀ ਲਈ ਹੈ ਪਰ ਧਰਤੀ ‘ਤੇ ਅੱਜ ਵੀ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਹਨ, ਜਿੱਥੇ ਦਾ ਭੇਦ ਸੁਲਝਾਉਣ ‘ਚ ਵਿਗਿਆਨੀ ਹਾਲੇ ਤੱਕ ਨਾਕਾਮ ਰਹੇ ਹਨ। ਅਜਿਹੀ ਹੀ ਇੱਕ ਥਾਂ ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ‘ਚ ਵੀ ਹੈ, ਜਿੱਥੇ ਇੱਕ ਝੀਲ ਦੇ ਉੱਪਰ ਹਰ ਸਮੇਂ ਬਿਜਲੀ ਕੜਕਦੀ ਰਹਿੰਦੀ ਹੈ, ਪਰ ਇਸ ਦਾ ਰਾਜ਼ ਅੱਜ ਤੱਕ ਕੋਈ ਵੀ ਜਾਣ ਨਹੀਂ ਪਾਇਆ ਹੈ ।

ਇਹ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਕਿ ਆਸਮਾਨ ‘ਚ ਬਿਜਲੀ ਇੱਕ ਥਾਂ ‘ਤੇ ਦੋ ਵਾਰ ਤੋਂ ਜ਼ਿਆਦਾ ਕਦੇ ਨਹੀਂ ਲਸ਼ਕਦੀ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਥਾਂ ‘ਤੇ ਇੱਕ ਘੰਟੇ ‘ਚ ਹਜ਼ਾਰ ਵਾਰ ਬਿਜਲੀ ਚਮਕਦੀ ਹੈ।

ਦੁਨੀਆ ਨੂੰ ਹੈਰਾਨ ਕਰ ਦੇਣ ਵਾਲੇ ਇਸ ਰਾਜ਼ ਨੂੰ ‘ਬੀਕਨ ਆਫ ਮੈਰਾਕਾਇਬੋ’ ਕਿਹਾ ਜਾਂਦਾ ਹੈ। ਇਸ ਦੇ ਹੋਰ ਵੀ ਕਈ ਨਾਮ ਹਨ, ਜਿਵੇਂ ਕਿ ਕੈਟਾਟੁੰਬੋ ਲਾਈਟਨਿੰਗ, ਐਵਰਲਾਸਟਿੰਗ ਸਟਾਰਮ, ਡਰੈਮੇਟਿਕ ਰੋਲ ਆਫ ਥੰਡਰ। ਇਸ ਥਾਂ ਨੂੰ ਦੁਨੀਆ ਦਾ ਕੁਦਰਤੀ ਬਿਜਲੀ ਘਰ ਵੀ ਕਹਿੰਦੇ ਹਨ।

ਰਿਪੋਰਟ ਦੇ ਮੁਤਾਬਕ, ਵੈਨੇਜ਼ੁਏਲਾ ‘ਚ ਕੈਟਾਟੁੰਬੋ ਨਦੀ ਜਿਸ ਥਾਂ ‘ਤੇ ਜਾ ਕੇ ਮੈਰਾਕਾਇਬੋ ਝੀਲ ਨਾਲ ਮਿਲਦੀ ਹੈ, ਉੱਥੇ ਸਾਲ ‘ਚ 260 ਦਿਨ ਤੂਫਾਨੀ ਹੁੰਦੇ ਹਨ। ਇਹ 260 ਦਿਨਾਂ ਦੀ ਤੂਫਾਨੀ ਰਾਤਾਂ ‘ਚ ਇੱਥੇ ਰਾਤ ਭਰ ਬਿਜਲੀ ਕੜਕਦੀ ਰਹਿੰਦੀ ਹੈ।

ਮੈਰਾਕਾਇਬੋ ਝੀਲ ਦਾ ਨਾਮ ਸਭ ਤੋਂ ਜ਼ਿਆਦਾ ਬਿਜਲੀ ਚਮਕਣ ਵਾਲੇ ਸਥਾਨ ਦੇ ਤੌਰ ‘ਤੇ ਗਿਨੀਜ਼ ਬੁੱਕ ‘ਚ ਵੀ ਦਰਜ ਹੈ। ਸਰਦੀਆਂ ਦੇ ਮੌਸਮ ਵਿੱਚ ਘੱਟ ਪਰ ਬਾਰਿਸ਼ ਦੇ ਮੌਸਮ ‘ਚ ਇੱਥੇ ਬਹੁਤ ਬਿਜਲੀ ਚਮਕਦੀ ਹੈ। ਇੱਕ ਰਿਪੋਰਟ ਦੇ ਮੁਤਾਬਕ ਇਸ ਮੌਸਮ ‘ਚ ਇੱਥੇ ਹਰ ਮਿੰਟ ‘ਚ 28 ਵਾਰ ਬਿਜਲੀ ਕੜਕਦੀ ਹੈ ।

ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਹ ਆਸਮਾਨੀ ਬਿਜਲੀ ਦੀ ਚਮਕ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਹ 400 ਕਿਲੋਮੀਟਰ ਦੀ ਦੂਰੀ ਤੋਂ ਵੀ ਵਿਖਾਈ ਦਿੰਦੀ ਹੈ।
ਅਸਲ ‘ਚ ਇਸ ਇਲਾਕੇ ਵਿੱਚ ਇੰਨੀ ਬਿਜਲੀ ਕਿਉਂ ਚਮਕਦੀ ਹੈ, ਇਸ ਵਾਰੇ ਪਤਾ ਲਗਾਉਣ ਲਈ ਮਾਹਰ ਸਾਲਾਂ ਤੋਂ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ। 1960 ਦੇ ਦਹਾਕੇ ‘ਚ ਅਜਿਹਾ ਮੰਨਿਆ ਗਿਆ ਸੀ ਕਿ ਇਸ ਇਲਾਕੇ ‘ਚ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਇੱਥੇ ਆਸਮਾਨ ‘ਚ ਬਿਜਲੀ ਜ਼ਿਆਦਾ ਲਸ਼ਕਦੀ ਹੈ ।

ਵਿਗਿਆਨੀਆਂ ਨੇ ਹਾਲ ਹੀ ਵਿੱਚ ਇੱਕ ਜਾਂਚ ਕੀਤੀ ਸੀ, ਜਿਸਦੇ ਮੁਤਾਬਕ ਝੀਲ ਦੇ ਨੇੜੇ ਦੇ ਤੇਲ ਖੇਤਰਾਂ ‘ਚ ਮੀਥੇਨ ਦੀ ਮਾਤਰਾ ਜ਼ਿਆਦਾ ਹੋਣ ਦੇ ਚਲਦਿਆਂ ਆਸਮਾਨ ਵਿੱਚ ਬਿਜਲੀ ਜ਼ਿਆਦਾ ਚਮਕਦੀ ਹੈ। ਹਾਲਾਂਕਿ ਯੂਰੇਨੀਅਮ ਅਤੇ ਮੀਥੇਨ ਵਾਲਾ ਸਿਧਾਂਤ ਪ੍ਰਮਾਣਿਕ ਤੌਰ ਉੱਤੇ ਸਾਬਤ ਨਹੀਂ ਹੋ ਸਕਿਆ ਹੈ ਇਸ ਲਈ ਇਹ ਥਾਂ ਹਾਲੇ ਵੀ ਰਾਜ਼ ਹੀ ਬਣੀ ਹੋਈ ਹੈ ।

Share this Article
Leave a comment