ਮਾਂਟਰੀਅਲ : ਮਾਂਟਰੀਅਲ ਕੈਨੇਡੀਅਨਜ਼ ਦੀ ਟੀਮ ਦੇ ਸਟੈਨਲੇ ਕੱਪ ਫਾਈਨਲਜ਼ ‘ਚ ਪਹੁੰਚਣ ਤੋਂ ਬਾਅਦ ਫੈਨਜ਼ ਖੁਸ਼ੀ ਵਿੱਚ ਬੇਕਾਬੂ ਹੋ ਗਏ। ਜਿਸ ਤੋਂ ਬਾਅਦ ਮਾਂਟਰੀਅਲ ਪੁਲਿਸ ਵੱਲੋਂ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 60 ਟਿਕਟਾਂ ਜਾਰੀ ਕੀਤੀਆਂ ਗਈਆਂ ਹਨ।
ਇਨ੍ਹਾਂ ਵਿਅਕਤੀਆਂ ਨੂੰ ਪੁਲਿਸ ਅਧਿਕਾਰੀ ‘ਤੇ ਹਥਿਆਰ ਨਾਲ ਹਮਲਾ ਕਰਨ ਤੇ ਪੁਲਿਸ ਦੇ ਕੰਮ ਵਿੱਚ ਅੜਿੱਕਾ ਪਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਮਾਂਟਰੀਅਲ ਪੁਲਿਸ ਦੇ ਬੁਲਾਰੇ ਜੂਲੀਅਨ ਲੈਵੈਸਕ ਨੇ ਕੀਤੀ। ਪੁਲਿਸ ਨੇ ਦੱਸਿਆ ਮਾਂਟਰੀਅਲ ਕੈਨੇਡੀਅਨਜ਼ ਦੀ ਟੀਮ ਦੇ ਜੇਤੂ ਗੋਲ ਤੋਂ ਬਾਅਦ ਲੋਕ ਸੜਕਾਂ ‘ਤੇ ਉਤਰ ਆਏ ਤੇ ਉਨ੍ਹਾਂ ਨੇ ਗੱਡੀ ਪਲਟ ਦਿੱਤੀ ਤੇ ਪੁਲਿਸ ਵਲੋਂ ਭੀੜ ਨੂੰ ਹਟਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ।
ਕੁੱਝ ਫੈਨਜ਼ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਆਰਾਮ ਨਾਲ ਹੀ ਘੁੰਮ ਰਹੇ ਸਨ ਜਦਕਿ ਕੁੱਝ ਹੋਰ ਖਰੂਦ ਮਚਾ ਰਹੇ ਸਨ ਤੇ ਪੁਲਿਸ ਨੇ ਅਚਾਨਕ ਹੀ ਸਾਡੇ ‘ਤੇ ਅੱਥਰੂ ਗੈਸ ਦੇ ਗੋਲੇ ਛੱਡ ਦਿੱਤੇ। ਉੱਥੇ ਹੀ ਇਸ ਦੌਰਾਨ 2 ਪੁਲਿਸ ਅਧਿਕਾਰੀ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਹਨ।