ਨਿਊਜ਼ ਡੈਸਕ: ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਫਿਰੌਤੀ ਦੀ ਧਮਕੀ ਮਾਮਲੇ ‘ਚ ਅਦਾਲਤ ਨੇ ਗੈਂਗ.ਸਟਰ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਨੂੰ ਬਰੀ ਕਰ ਦਿੱਤਾ ਹੈ। ਮੁਹਾਲੀ ਦੇ ਜੁਡੀਸ਼ੀਅਲ ਮੈਜਿਸਟਰੇਟ ਨੇ ਇਸ ਮਾਮਲੇ ’ਚ ਪੁਲਿਸ ਵੱਲੋਂ ਪੇਸ਼ ਕੀਤੇ ਸਬੂਤਾਂ ਨੂੰ ਨਾਕਾਫ਼ੀ ਮੰਨਦਿਆਂ ਇਹ ਫ਼ੈਸਲਾ ਸੁਣਾਇਆ ਹੈ ਕਿਉਂਕਿ ਮੁਹਾਲੀ ਪੁਲਿਸ ਇਸ ਮਾਮਲੇ ’ਚ ਵਾਇਸ ਮੈਸੇਜ ਅਤੇ ਚੈਟ ਰਿਕਾਰਡ ਵਰਗੇ ਠੋਸ ਸਬੂਤ ਪੇਸ਼ ਕਰਨ ’ਚ ਨਾਕਾਮ ਰਹੀ ਹੈ। ਨਾਲ ਹੀ ਅਦਾਲਤ ਨੇ ਇਸੇ ਮਾਮਲੇ ‘ਚ ਬੰਬੀਹਾ ਗਰੁੱਪ ਚਲਾਉਣ ਵਾਲੇ ਲੱਕੀ ਪਟਿਆਲ ਦੀ ਪਤਨੀ ਰੇਨੂੰ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ।
ਜੁਡੀਸ਼ੀਅਲ ਮੈਜਿਸਟ੍ਰੇਟ ਸਵਿਤਾ ਦਾਸ ਦੀ ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਨੂੰ ਬਾਇੱਜਤ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ ਮਾਮਲੇ ਦੀ ਸੁਣਵਾਈ ਦੌਰਾਨ ਮੁਹਾਲੀ ਪੁਲਿਸ ਅਦਾਲਤ ਵਿੱਚ ਵੁਆਇਸ ਮੈਸੇਜ ਅਤੇ ਚੈਟ ਦਾ ਰਿਕਾਰਡ ਵੀ ਆਨ ਰਿਕਾਰਡ ਲਿਆਉਣ ਵਿੱਚ ਫੇਲ੍ਹ ਸਾਬਿਤ ਰਹੀ।
ਇਹ ਮਾਮਲਾ ਸਾਲ 2018 ’ਚ ਸਾਹਮਣੇ ਆਇਆ ਸੀ। ਇਸ ਸਬੰਧੀ ਥਾਣਾ ਫੇਜ਼ 8 ਦੀ ਪੁਲਿਸ ਨੇ ਇਸ ਮਾਮਲੇ ’ਚ ਗਾਇਕ ਗਿੱਪੀ ਗਰੇਵਾਲ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ। ਗਿੱਪੀ ਗਰੇਵਾਲ ਨੇ ਸ਼ਿਕਾਇਤ ’ਚ ਦੱਸਿਆ ਗਿਆ ਸੀ ਕਿ ਉਸ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਵੱਲੋਂ ਫਿਰੌਤੀ ਲਈ ਧਮਕੀ ਦਿੱਤੀ ਗਈ ਸੀ। ਗਿੱਪੀ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਸਦਾ ਪਰਮੀਸ਼ ਵਰਮਾ ਵਰਗਾ ਹੀ ਹਾਲ ਹੋਵੇਗਾ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁੱਖੀ ਵਲੋਂ ਗਿੱਪੀ ਗਰੇਵਾਲ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਸੀ ਅਤੇ ਇਸ ਸ਼ਿਕਾਇਤ ਦੇ ਆਧਾਰ ’ਤੇ ਮੁਹਾਲੀ ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।