ਮੋਗਾ ‘ਚ ਬੀਜੇਪੀ ਲੀਡਰਾਂ ਦਾ ਘਿਰਾਓ, ਪੁਲਿਸ ਨੇ ਕਿਸਾਨਾਂ ‘ਤੇ ਕੀਤਾ ਲਾਠੀਚਾਰਜ

TeamGlobalPunjab
2 Min Read

ਮੋਗਾ: ਖੇਤੀ ਕਾਨੂੰਨ ਮੁੱਦੇ ‘ਤੇ ਕਿਸਾਨਾਂ ਦਾ ਬੀਜੇਪੀ ਲੀਡਰਾਂ ਖਿਲਾਫ਼ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਅੱਜ ਮੋਗਾ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਮਾਹੌਲ ਨੂੰ ਵਿਗੜਦਾ ਦੇਖ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ। ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਪਾਰਟੀ ਮੀਟਿੰਗ ਲਈ ਅੱਜ ਮੋਗਾ ਪਹੁੰਚੇ ਸਨ। ਇਸ ਦੌਰਾਨ ਸਮੂਚੀ ਲੀਡਰਸ਼ਿਪ ਵੀ ਮੋਗਾ ਵਿੱਚ ਹੀ ਮੌਜੂਦ ਸੀ। ਜਦੋਂ ਬੀਜੇਪੀ ਦੇ ਇਸ ਸਮਾਗਮ ਦਾ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਘਿਰਾਓ ਕਰਨ ਲਈ ਪਹੁੰਚ ਗਏ।

ਮੋਗਾ ਵਿੱਚ ਪਹਿਲਾਂ ਤੋਂ ਹੀ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਅੱਗੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਅਤੇ ਅੱਜ ਦੀ ਮੀਟਿੰਗ ਵੀ ਵਿਨੈ ਸ਼ਰਮਾ ਦੇ ਘਰ ਰੱਖੀ ਹੋਈ ਸੀ। ਇਸ ਦਾ ਪਤਾ ਲੱਗਦੇ ਸਾਰ ਵੱਡੀ ਗਿਣਤੀ ਵਿੱਚ ਕਿਸਾਨ ਇਕੱਤਰ ਹੋ ਗਏ। ਉਨ੍ਹਾਂ ਘਰ ਦੇ ਬਾਹਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਬੀਜੇਪੀ ਵਰਕਰਾਂ ਨੇ ਵੀ ਮੋਦੀ ਸਰਕਾਰ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।

ਮਾਹੌਲ ਲਗਾਤਾਰ ਭੱਖਦਾ ਜਾ ਰਿਹਾ ਸੀ, ਜਿਸ ਨੂੰ ਦੇਖਦੇ ਹੋਏ ਪੁਲਿਸ ਨੇ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਤੀਕਸ਼ਣ ਸੂਦ ਤੇ ਸ਼ਵੇਤ ਮਲਿਕ ਨੂੰ ਕਿਸਾਨਾਂ ਦੇ ਘੇਰੇ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ। ਇਸ ਤੋਂ ਬਾਅਦ ਇਹ ਲੀਡਰ ਇਕ ਹੋਟਲ ਵਿੱਚ ਮੀਟਿੰਗ ਕਰਨ ਲੱਗੇ ਤਾਂ ਕਿਸਾਨ ਉਥੇ ਵੀ ਪੁੱਜ ਗਏ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ।

Share This Article
Leave a Comment