ਮੋਦੀ ਮੰਗਲਸੂਤਰ ਸਬੰਧੀ ਬੇਬੁਨਿਆਦ ਹਊਆ ਖੜ੍ਹਾ ਕਰ ਕੇ ਮੁਲਕ ਦੀ ਬਹੁਗਿਣਤੀ ਦੀਆਂ ਵੋਟਾਂ ਬਟੋਰਨਾ ਚਾਹੁੰਦੇ ਹਨ: ਬਲਬੀਰ ਸਿੱਧੂ

Global Team
3 Min Read

ਐਸ.ਏ.ਐਸ.ਨਗਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਾਂਗਰਸ ਦੇ ਕੇਂਦਰੀ ਸਤਾ ਵਿਚ ਆਉਣ ਨਾਲ ਮੰਗਲਸੂਤਰ ਨੂੰ ਖਤਰਾ ਦਸਣ ਦੇ ਬਿਆਨ ਉਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ, ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਮੋਦੀ ਬਿਨਾਂ ਮਤਲਬ ਦਾ ਹਊਆ ਖੜ੍ਹਾ ਕਰ ਕੇ ਮੁਲਕ ਦੀ ਬਹੁਗਿਣਤੀ ਦੀਆਂ ਵੋਟਾਂ ਬਟੋਰਨਾ ਚਾਹੁੰਦੇ ਹਨ।

ਸਿੱਧੂ ਨੇ ਕਿਹਾ ਕਿ ਮੁਲਕ ਵਿਚ ਹੋਈਆਂ ਪਹਿਲੇ ਗੇੜ ਦੀਆਂ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਸਾਰਾ ਜ਼ੋਰ ਦੇਸ਼ ਦੇ ਇਕ ਪ੍ਰਮੁੱਖ ਘੱਟ ਗਿਣਤੀ ਭਾਈਚਾਰੇ ਵਿਰੁੱਧ ਮੁਲਕ ਦੇ ਬਹੁਗਿਣਤੀ ਭਾਈਚਾਰੇ ਵਿਚ ਅੰਨੀ ਨਫਰਤ ਪੈਦਾ ਕਰ ਕੇ ਉਹਨਾਂ ਦੀਆਂ ਵੋਟਾਂ ਹਾਸਲ ਕਰਨ ਉਤੇ ਲੱਗਿਆ ਹੋਇਆ ਹੈ।

ਉਹਨਾਂ ਕਿਹਾ ਕਿ ਇਸ ਫੁੱਟਪਾਊ ਸੋਚ ਵਿਚੋਂ ਹੀ ਮੰਦਰਾਂ ਦਾ ਧਨ ਹੋਰਨਾਂ ਭਾਈਚਾਰਿਆਂ ਦੇ ਧਾਰਮਿਕ ਅਸਥਾਨਾਂ ਵਿਚ ਵੰਡਣ, ਲੋਕਾਂ ਦਾ ਸੋਨਾ ਤੇ ਧਨ ਖੋਹ ਕੇ ਜ਼ਿਆਦਾ ਬੱਚਿਆਂ ਵਾਲੇ ਭਾਈਚਾਰੇ ਨੂੰ ਦੇਣ ਅਤੇ ਮੰਗਲਸੂਤਰ ਨੂੰ ਖਤਰਾ ਹੋਣ ਦੀ ਨੈਤਕਿਤਾ ਤੋਂ ਗਿਰੀ ਹੋਈ ਹੋਛੀ ਬਿਆਨਾਬਾਜ਼ੀ ਸਾਹਮਣੇ ਆ ਰਹੀ ਹੈ। ਸਿੱਧੂ ਨੇ ਕਿਹਾ ਕਿ ਦੁੱਖ ਤੇ ਅਫਸੋਸ ਇਸ ਗੱਲ ਦਾ ਹੈ ਕਿ ਮੁਲਕ ਦੇ ਵੱਖ ਵੱਖ ਭਾਈਚਾਰਿਆਂ ਵਿਚ ਨਫਰਤ ਤੇ ਫੁੱਟ ਪੈਦਾ ਕਰਨ ਵਾਲੇ ਇਹ ਬਿਆਨ ਕੋਈ ਹੋਰ ਨਹੀਂ ਸਗੋਂ ਮੁਲਕ ਦਾ ਦਸ ਸਾਲ ਤੱਕ ਰਹਿ ਚੁੱਕਿਆ ਪ੍ਰਧਾਨ ਮੰਤਰੀ ਦੇ ਰਿਹਾ ਹੈ ਜਿਸ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਮੁਲਕ ਦੀ ਤਰੱਕੀ ਤੇ ਵਿਕਾਸ ਦੀ ਗੱਲ ਕਰੇਗਾ।

ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਿਸ ਮੁਲਕ ਦੇ 90 ਫੀਸਦੀ ਤੋਂ ਵੱਧ ਸੰਵਿਧਾਨਕ ਅਹੁਦੇ ਬਹੁਗਿਣਤੀ ਭਾਈਚਾਰੇ ਦੇ ਵਿਅਕਤੀਆਂ ਕੋਲ ਹੋਣ ਉਸ ਭਾਈਚਾਰੇ ਦੇ ਧਾਰਮਿਕ ਚਿੰਨ ਨੂੰ ਕੋਈ ਖਤਰਾ ਕਿਵੇਂ ਹੋ ਸਕਦਾ ਹੈ। ਉਹਨਾਂ ਨੇ ਮੋਦੀ ਤੇ ਉਸ ਦੇ ਪੈਰੋਕਾਰਾਂ ਨੂੰ ਪੁੱਛਿਆ ਕਿ ਉਹ ਕੋਈ ਇਕ ਵੀ ਉਦਾਹਰਣ ਦਸਣ ਜਦੋਂ ਇਸ ਮੁਲਕ ਵਿਚ ਬਹੁਗਿਣਤੀ ਭਾਈਚਾਰੇ ਦੇ ਧਾਰਮਿਕ ਚਿੰਨਾਂ ਦੇ ਪਹਿਨਣ ਲਈ ਕੋਈ ਖਤਰਾ ਖੜਾ ਹੋਇਆ ਹੋਵੇ, ਇਸ ਦੇ ਉਲਟ ਸੈਂਕੜੈ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ ਜਦੋਂ ਘੱਟ ਗਿਣਤੀ ਭਾਈਚਾਰਿਆਂ ਨੂੰ ਆਪਣੇ ਧਰਮਿਕ ਚਿੰਨਾਂ ਨੂੰ ਪਹਿਨਣ ਉਤੇ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਹੈ।

ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਉਸ ਦੇ ਪੈਰੋਕਾਰਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਮੁਲਕ ਕਿਸੇ ਇਕ ਭਾਈਚਾਰੇ ਦਾ ਨਹੀਂ ਸਗੋਂ ਸਦੀਆਂ ਤੋਂ ਇਥੇ ਵਸ ਰਹੇ ਸਾਰੇ ਭਾਈਚਾਰਿਆਂ ਦਾ ਸਾਂਝਾ ਹੈ ਕਿਉਂਕਿ ਇਹਨਾਂ ਸਾਰਿਆਂ ਨੇ ਮੁਲਕ ਨੂੰ ਆਜ਼ਾਦ ਕਰਾਉਣ, ਇਸ ਦੀ ਰਾਖੀ ਕਰਨ ਤੇ ਇਸ ਦੀ ਤਰੱਕੀ ਵਿਚ ਬਰਾਬਰ ਦਾ ਹਿੱਸਾ ਪਾਇਆ ਹੈ। ਉਹਨਾਂ ਯਾਦ ਕਰਾਇਆ ਕਿ ਜਦੋਂ ਹਰ ਰੋਜ਼ ਸਵਾ ਸਵਾ ਮਨ ਜਨੇਊ ਲਾਹੇ ਜਾਂਦੇ ਸੀ ਤਾਂ ਉਸ ਵੇਲੇ ਵੀ ਇਕ ਘੱਟ ਗਿਣਤੀ ਭਾਈਚਾਰੇ ਦੇ ਰਹਿਬਰ ਤੇ ਉਹਨਾਂ ਦੇ ਸਾਥੀਆਂ ਨੇ ਦਿੱਲੀ ਵਿਚ ਕੁਰਬਾਨੀ ਦੇ ਕੇ ਇਸ ਜ਼ੁਲਮ ਨੂੰ ਠੱਲ ਪਾਈ ਸੀ।

Share This Article
Leave a Comment