ਪਾਕਿਸਤਾਨ ‘ਚ ਭੀੜ ਨੇ ਹਿੰਦੂ ਮੰਦਰ ‘ਤੇ ਹਮਲਾ ਕਰਕੇ ਮੂਰਤੀਆਂ ਕੀਤੀਆਂ ਖੰਡਿਤ

TeamGlobalPunjab
2 Min Read

ਨਿਊਜ਼ ਡੈਸਕ : ਪਾਕਿਸਤਾਨ ‘ਚ ਇੱਕ ਵਾਰ ਫਿਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੰਜਾਬ ਸੂਬੇ ‘ਚ ਭੀੜ ਨੇ ਇੱਕ ਮੰਦਰ ‘ਤੇ ਹਮਲਾ ਕਰ ਦਿੱਤਾ ਤੇ ਕਾਫੀ ਥਾਵਾਂ ‘ਤੇ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਮੰਦਰ ‘ਚ ਮੂਰਤੀਆਂ ਨੂੰ ਵੀ ਖੰਡਿਤ ਕਰ ਦਿੱਤਾ ਗਿਆ। ਪੁਲੀਸ ਇਸ ਦੌਰਾਨ ਭੀੜ ਨੂੰ ਕਾਬੂ ਕਰਨ ‘ਚ ਨਾਕਾਮਯਾਬ ਰਹੀ, ਜਿਸ ਨੂੰ ਦੇਖਦੇ ਹੋਏ ਫੌਜ ਨੂੰ ਬੁਲਾਉਣਾ ਪਿਆ।

ਪੁਲੀਸ ਨੇ ਦੱਸਿਆ ਕਿ ਲਾਹੌਰ ਤੋਂ ਲਗਭਗ 590 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਸ਼ਹਿਰ ‘ਚ ਭੀੜ ਨੇ ਹਿੰਦੂ ਮੰਦਰ ‘ਤੇ ਹਮਲਾ ਕੀਤਾ। ਪੁਲੀਸ ਦਾ ਦਾਅਵਾ ਹੈ ਕਿ ਮੁਸਲਿਮ ਮਦਰੱਸੇ ਦੇ ਨੇੜੇ ਇਕ 8 ਸਾਲ ਦੇ ਬੱਚੇ ਨੇ ਪਿਸ਼ਾਬ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਸ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ।

ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸਾਂਸਦ ਡਾ.ਰਮੇਸ਼ ਕੁਮਾਰ ਵਨਕਵਾਨੀ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ‘ਤੇ ਇਸ ਘਟਨਾ ਦੀ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਕਾਨੂੰਨ ਪਰਿਵਰਤਨ ਏਜੰਸੀਆਂ ਨਾਲ ਮੌਕੇ ‘ਤੇ ਪਹੁੰਚ ਕੇ ਮੰਦਿਰ ਨੂੰ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਈ ਹੋਰ ਟਵੀਟ ਕਰਦੇ ਹੋਏ ਕਿਹਾ, ‘ਪੰਜਾਬ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਸ਼ਹਿਰ ਵਿੱਚ ਹਿੰਦੂ ਮੰਦਰ ‘ਤੇ ਹਮਲਾ ਹੋਇਆ ਹੈ। ਬੀਤੇ ਦਿਨ ਤੋਂ ਹੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਥਾਨਕ ਪੁਲੀਸ ਦੀ ਲਾਪਰਵਾਹੀ ਬਹੁਤ ਸ਼ਰਮਨਾਕ ਹੈ। ਚੀਫ਼ ਜਸਟਿਸ ਨੂੰ ਅੱਗੇ ਵਧ ਕੇ ਕਾਰਵਾਈ ਕਰਨੀ ਚਾਹੀਦੀ ਹੈ।’

ਉੱਥੇ ਹੀ ਜ਼ਿਲ੍ਹਾ ਪੁਲੀਸ ਅਧਿਕਾਰੀ ਮੁਤਾਬਕ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਭੀੜ ਨੂੰ ਹਟਾ ਦਿੱਤਾ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਹਿੰਦੂ ਮੰਦਰ ਦੇ ਆਸਪਾਸ ਰੇਂਜਰਜ਼ ਨੂੰ ਵੀ ਤਾਇਨਾਤ ਕੀਤਾ ਗਿਆ ਹੈ, ਪਰ ਹਾਲੇ ਤੱਕ ਇਸ ਮਾਮਲੇ ‘ਚ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

Share this Article
Leave a comment