ਕੋਰੋਨਾ ਕਾਰਨ ਸੀਲ ਕੀਤੇ ਪਿੰਡ ਭੂੰਦੜ ਦੀ ਗਲੀ-ਗਲੀ ‘ਚ ਜਾ ਕੇ ਰਾਜਾ ਵੜਿੰਗ ਨੇ ਲੋਕਾਂ ਨੂੰ ਕੀਤਾ ਜਾਗਰੂਕ

TeamGlobalPunjab
3 Min Read

ਸ੍ਰੀ ਮੁਕਤਸਰ ਸਾਹਿਬ: ਵਿਧਾਇਕ ਗਿੱਦੜਬਾਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਡੀਸੀ ਮੁਕਤਸਰ ਐਮ ਕੇ ਅਰਾਵਿੰਦ ਕੁਮਾਰ ਨੇ ਅੱਜ ਭੂੰਦੜ ਪਿੰਡ ਦਾ ਦੌਰਾ ਕੀਤਾ ਜਿੱਥੇ ਕੋਰੋਨਾ ਦੇ ਸਕਾਰਾਤਮਕ ਮਾਮਲਿਆਂ ਦੀ ਗਿਣਤੀ ਵਿੱਚ ਤੇਜੀ ਆਈ ਹੈ। ਉਨਾਂ ਲੋਕਾਂ ਨੂੰ ਅਸਵਾਸ਼ਨ ਦਿੱਤਾ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਲੋਕਾਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਵੀ ਹਲਾਸ਼ੇਰੀ ਦਿੱਤੀ। ਉਨਾਂ ਬੋਲਦਿਆਂ ਦੱਸਿਆ ਕਿ ਸਾਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਵਾਰ ਵਾਰ ਹੱਥਾਂ ਨੂੰ ਸਾਫ ਕਰਦੇ ਰਹਿਣਾ ਚਾਹੀਦਾ ਹੈ, ਮਾਸਕ ਪਾ ਕੇ ਰਖਣਾ ਚਾਹੀਦਾ ਅਤੇ ਦੋ ਗਜ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਲਗਭਗ 15 ਦਿਨ ਪਹਿਲਾਂ ਪਿੰਡ ਦੇ 700 ਵਿਅਕਤੀਆਂ ਦੇ ਟੈਸਟ ਕੀਤੇ ਗਏ ਸਨ, ਜਿਨਾਂ ਵਿਚੋਂ 40 ਵਸਨੀਕਾਂ ਦੀ ਪਾਜ਼ਿਟਿਵ ਰਿਪੋਰਟ ਮਿਲੀ ਅਤੇ ਦੋ ਵਿਅਕਤੀਆਂ ਨੇ ਆਪਣੀਆਂ ਜਾਨ ਗੁਆ ਦਿੱਤੀ। ਪਰ ਹੌਲੀ ਹੌਲੀ ਜ਼ਿਲਾ ਪ੍ਰਸਾਸਨ ਅਤੇ ਵਿਧਾਇਕ ਰਾਜਾ ਵੜਿੰਗ ਦੇ ਯਤਨਾ ਨਾਲ ਪਾਜ਼ਿਟਿਵ ਕੇਸਾਂ ਦੀ ਗਿਣਤੀ ਹੁਣ ਘਟਣ ‘ਤੇ ਹੈ।

ਉਨਾਂ ਦੱਸਿਆ ਕਿ ਸਾਰੇ ਪਿੰਡ ਨੂੰ ਸੈਨੇਟਾਈਜ਼ ਕਰਵਾ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਚੇਅਰਮੈਨ ਜ਼ਿਲਾ ਸਹਿਕਾਰੀ ਬੈਂਕ ਸਾਹਿਬ ਸਿੰਘ ਭੂੰਦੜ ਨੇ ਦੱਸਿਆ ਕਿ ਮੰਗਲਵਾਰ ਦੀਆਂ ਰਿਪੋਰਟਾਂ ਅਨੁਸਾਰ 253 ਵਿਅਕਤੀਆਂ ਵਿੱਚੋਂ 8 ਵਿਅਕਤੀ ਪਾਜ਼ਿਟਿਵ ਦੱਸੇ ਗਏ ਹਨ ਅਤੇ ਅੱਜ 250 ਵਿਅਕਤੀਆਂ ਵਿਚੋਂ 6 ਵਿਅਕਤੀ ਪਾਜ਼ਿਟਿਵ ਪਾਏ ਗਏ ਹਨ।

- Advertisement -

ਡਿਪਟੀ ਕਮਿਸਨਰ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨਾਂ ਗੱਲਬਾਤ ਦੌਰਾਨ ਦੱਸਿਆ ਕਿ ਇਸ ਪਿੰਡ ਵਿੱਚ ਪਹਿਲ ਦੇ ਆਧਾਰ ਤੇ ਕੈਂਪ ਲਗਵਾ ਕੇ ਵੈਕਸੀਨੇਸ਼ਨ ਕਰਵਾਈ ਜਾਵੇਗੀ। ਉਨਾਂ ਮੌਕੇ ਤੇ ਹਾਜਰ ਸਿਹਤ ਵਿਭਾਗ ਦੇ ਨੁਮਾਇੰਦਿਆਂ ਨੂੰ ਕੈਂਪ ਲਗਵਾਉਣ ਦੀ ਤਿਆਰੀ ਦੇ ਆਦੇਸ਼ ਜਾਰੀ ਕੀਤੇ।

ਇਸ ਤੋਂ ਪਹਿਲਾਂ ਸਵੇਰੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭੂੰਦੜ ਪਿੰਡ ਦੀਆਂ ਗਲੀਆਂ ਵਿਚ ਘੁੰਮ-ਘੁੰਮ ਕੇ ਲੋਕਾਂ ਨੂੰ ਚੜਦੀਕਲਾ ਵਿਚ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਨਾਂ ਨਾਲ ਐਸਡੀਐਮ ਗਿੱਦੜਬਾਹਾ ਓਮ ਪ੍ਰਕਾਸ਼, ਡੀਐਸਪੀ ਨਰਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਨ ਲਈ ਲਾਊਡਸਪੀਕਰ ਦੀ ਵਰਤੋਂ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟੈਸਟ ਕਰਵਾਉਣ, ਟੀਕਾਕਰਣ ਕਰਵਾਉਣ ਅਤੇ ਇਕ ਜਗਾ ਇਕੱਠੇ ਨਾ ਹੋਣ।

Share this Article
Leave a comment