ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ਕਾਂਗਰਸ ਅੰਦਰ ਚੱਲ ਰਹੇ ਘਮਸਾਣ ਨੂੰ ਖ਼ਤਮ ਕਰਨ ਵਾਸਤੇ ਬਣਾਈ ਸੀਨੀਅਰ ਕਾਂਗਰਸੀ ਆਗੂਆਂ ਦੀ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਵਿੱਚੋਂ ਕੁਝ ਬਾਹਰ ਆਵੇ ਉਸ ਤੋਂ ਪਹਿਲਾਂ ਹੀ ਵਿਧਾਇਕ ਪਰਗਟ ਸਿੰਘ ਨੇ ਵੱਡਾ ਧਮਾਕਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ।
ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੁੱਖ ਮੰਤਰੀ ਦੀ ਕਾਰਜ ਸ਼ੈਲੀ ‘ਤੇ ਵੱਡੇ ਸਵਾਲ ਖੜੇ ਕੀਤੇ ਗਏ। ਪ੍ਰਗਟ ਸਿੰਘ ਬਿਲਕੁਲ ਨਵਜੋਤ ਸਿੰਘ ਸਿੱਧੂ ਵਾਲੀ ਲੈਅ ‘ਤੇ ਹੀ ਬੋਲਦੇ ਹੋਏ ਪ੍ਰਤੀਤ ਹੋਏ।
ਪਰਗਟ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਨੂੰ ਜਾਣ-ਬੁੱਝ ਕੇ ਲਮਕਾਇਆ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕਰਨ ਨੂੰ ਤਾਂ ਬਹੁਤ ਕੁੱਝ ਹੋ ਸਕਦਾ ਹੈ ਪਰ ਗੱਲ ਤਾਂ ਨੀਅਤ ਦੀ ਹੈ।
ਪਰਗਟ ਸਿੰਘ ਨੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਾਰਟੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ, ਸਗੋਂ ਉਨ੍ਹਾਂ ਨੂੰ ਚਲਾਉਣ ਵਾਲੇ ਬੰਦੇ ਮਾੜੇ ਹੁੰਦੇ ਹਨ।
ਪਰਗਟ ਸਿੰਘ ਦੇ ਲਹਿਜ਼ੇ ਵਿੱਚ ਨਾਰਾਜ਼ਗੀ, ਗੁੱਸਾ, ਨਿਰਾਸ਼ਾ ਅਤੇ ਹਤਾਸ਼ਾ ਦੇ ਭਾਵ ਸਾਫ਼ ਝਲਕ ਰਹੇ ਸਨ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਕਿ ਉਹ ਭਵਿੱਖ ਵਿੱਚ ਉਨ੍ਹਾਂ ਖ਼ਿਲਾਫ਼ ਹੋਣ ਵਾਲੀ ਕਾਰਵਾਈ ਲਈ ਸ਼ਾਇਦ ਪਹਿਲਾਂ ਹੀ ਮਨ ਬਣਾ ਚੁੱਕੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਡਿਪਟੀ ਸੀ. ਐਮ. ਦੇ ਅਹੁਦੇ ਦੇ ਸਵਾਲ ‘ਤੇ ਕਿਹਾ ਕਿ ਉਹ ਇਨ੍ਹਾਂ ਗੱਲਾਂ ਨਾਲ ਸਹਿਮਤ ਨਹੀਂ ਹਨ ਕਿਉਂਕਿ ਗੱਲ ਤਾਂ ਮੁੱਦਿਆਂ ਦੀ ਹੈ। ਉਨ੍ਹਾਂ ਕਿਹਾ ਕਿ ਡਿਪਟੀ ਸੀ. ਐਮ. ਕੋਈ ਵੀ ਬਣ ਜਾਵੇ, ਇਸ ਨਾਲ ਲੋਕਾਂ ਨੂੰ ਕੋਈ ਇਨਸਾਫ਼ ਨਹੀਂ ਮਿਲੇਗਾ ਕਿਉਂਕਿ ਇਸ ਸਮੇਂ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਮੁੱਦਿਆਂ ਦੀ ਲੜਾਈ ਲੜਨ ਵਾਲੇ ਵਿਅਕਤੀ ਹਨ ਅਤੇ ਜਿੱਥੇ ਵੀ ਲੋੜ ਪਈ, ਉਹ ਇਨ੍ਹਾਂ ਮੁੱਦਿਆਂ ਨੂੰ ਚੁੱਕਦੇ ਰਹਿਣਗੇ।
ਦੱਸਣਯੋਗ ਹੈ ਕਿ ਕੁਝ ਇਸੇ ਤਰ੍ਹਾਂ ਦਾ ਬਿਆਨ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਪਿਛਲੇ ਮਹੀਨੇ ਦਿੱਤਾ ਜਾ ਚੁੱਕਾ ਹੈ । ਸਾਫ਼ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵੱਡੀ ਗਿਣਤੀ ਕਾਂਗਰਸੀ ਵਿਧਾਇਕ ਇਕਜੁੱਟ ਹਨ, ਭਾਵੇਂ ਉਹ ਕਿਸੇ ਵੀ ਧੜੇ ਦੇ ਕਿਉਂ ਨਾ ਮੰਨੇ ਜਾਣ।
ਫ਼ਿਲਹਾਲ ਵੇਖਣਾ ਹੋਵੇਗਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਪਰਗਟ ਸਿੰਘ ਦੀ ਪ੍ਰੈਸ ਕਾਨਫਰੰਸ ਬਾਰੇ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ। ਵੈਸੇ ਵਿਰੋਧੀ ਧਿਰਾਂ ਨੂੰ ਪਰਗਟ ਸਿੰਘ ਨੇ ਨਵਾਂ ਮੁੱਦਾ ਦੇ ਹੀ ਦਿੱਤਾ ਹੈ।