ਗੁਰਦਾਸਪੁਰ ਵਿਖੇ ਜ਼ਮੀਨ ‘ਚ ਪਿਆ ਡੂੰਘਾ ਟੋਇਆ, ਕਈ ਥਾਵਾਂ ‘ਤੇ ਮਿਲੇ ਮਿਜ਼ਾਈਲ ਦੇ ਟੁਕੜੇ

Global Team
2 Min Read

ਪਾਕਿਸਤਾਨ ਨੇ ਅੱਜ ਸਵੇਰੇ ਲਗਾਤਾਰ ਚੌਥੇ ਦਿਨ ਪੰਜਾਬ ’ਤੇ ਹਮਲਾ ਕੀਤਾ। ਜਲੰਧਰ ਵਿੱਚ ਇੱਕ ਵਾਰ ਫਿਰ ਧਮਾਕਿਆਂ ਦੀ ਆਵਾਜ਼ ਸੁਣੀ ਗਈ, ਜਦਕਿ ਬਠਿੰਡਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਸਾਇਰਨ ਵੱਜ ਰਹੇ ਹਨ। ਸਵੇਰੇ 5 ਵਜੇ ਪਠਾਨਕੋਟ ਏਅਰਬੇਸ ਨੇੜੇ ਜ਼ੋਰਦਾਰ ਧਮਾਕੇ ਹੋਏ ਤੇ ਹੁਣ ਵੀ 1 ਘੰਟੇ ਤੋਂ ਧਮਾਕੇ ਜਾਰੀ ਹਨ। ਅੰਮ੍ਰਿਤਸਰ ਦੇ ਵਡਾਲਾ ਪਿੰਡ ਵਿੱਚ ਫੌਜ ਵਲੋਂ ਇੱਕ ਡਰੋਨ ਨੂੰ ਮਾਰ ਗਿਰਾਇਆ ਗਿਆ, ਜਿਸ ਤੋਂ ਬਾਅਦ ਇੱਕ ਘਰ ਵਿੱਚ ਅੱਗ ਲੱਗ ਗਈ।

ਗੁਰਦਾਸਪੁਰ ਦੇ ਕਸਬਾ ਚੱਕ ਸ਼ਰੀਫ ਅਤੇ ਪਿੰਡ ਛਿੱਛਰੇ ‘ਚ ਸਵੇਰੇ 4:30 ਵਜੇ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਜ਼ਮੀਨ ਵਿੱਚ ਡੂੰਘੀ ਖੱਡ ਬਣ ਗਈ ਅਤੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਘਟਨਾ ਕਾਰਨ ਪਿੰਡਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਸੁੰਦਰਾ ਪੁੱਤਾਂ ਅਤੇ ਜਲੰਧਰ ਦੇ ਕਰਤਾਰਪੁਰ ਵਿੱਚ ਮਿਸਾਈਲ ਦੇ ਟੁਕੜੇ ਮਿਲੇ ਹਨ, ਜਦਕਿ ਅੰਮ੍ਰਿਤਸਰ ਦੇ ਰਾਜਾਸਾਂਸੀ ਖੇਤਰ ਦੇ ਮੁਗਲਾਨੀ ਕੋਟ ਪਿੰਡ, ਤਰਨਤਾਰਨ ਅਤੇ ਫਿਰੋਜ਼ਪੁਰ ਵਿੱਚ ਵੀ ਡਰੋਨ ਦੇ ਟੁਕੜੇ ਬਰਾਮਦ ਹੋਏ ਹਨ।

ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਰਾਤ 8:30 ਵਜੇ ਤੋਂ ਬਾਅਦ ਪਾਕਿਸਤਾਨ ਵਲੋਂ ਪੰਜਾਬ ’ਤੇ ਡਰੋਨ ਹਮਲੇ ਕੀਤੇ ਗਏ। ਇਹ ਹਮਲੇ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ ਅਤੇ ਪਠਾਨਕੋਟ ਵਿੱਚ ਹੋਏ। ਰਾਤ 9 ਵਜੇ ਦੇ ਕਰੀਬ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਵਿੱਚ ਡਰੋਨ ਡਿੱਗਣ ਕਾਰਨ ਇੱਕ ਘਰ ਵਿੱਚ ਅੱਗ ਲੱਗ ਗਈ, ਜਿਸ ਵਿੱਚ ਤਿੰਨ ਲੋਕ ਗੰਭੀਰ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪਿੰਡ ਵਾਸੀਆਂ ਮੁਤਾਬਕ, ਜਦੋਂ ਡਰੋਨ ਡਿੱਗਿਆ, ਉਸ ਸਮੇਂ ਘਰ ਦੀਆਂ ਲਾਈਟਾਂ ਚਲ ਰਹੀਆਂ ਸਨ। ਅੱਜ ਸਵੇਰੇ 2 ਵਜੇ ਜਲੰਧਰ ਵਿੱਚ ਆਰਮੀ ਕੈਂਪ ਨੇੜੇ ਦੋ ਥਾਵਾਂ ’ਤੇ ਡਰੋਨ ਦੀ ਗਤੀਵਿਧੀ ਦੇਖੀ ਗਈ, ਜਿਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਬਲੈਕਆਊਟ ਕੀਤਾ ਗਿਆ।

Share This Article
Leave a Comment