ਮੀਰੀ ਪੀਰੀ ਦਿਵਸ ‘ਤੇ ਵਿਸ਼ੇਸ਼
ਮੀਰੀ ਪੀਰੀ ਦਾ ਅਨੌਖਾ ਸੰਗਮ
*ਡਾ. ਗੁਰਦੇਵ ਸਿੰਘ
ਦੋ ਤਲਵਾਰਾਂ ਬਧੀਆਂ ਇਕ ਮੀਰੀ ਦੀ ਇਕ ਪੀਰੀ ਦੀ, ਇਕ ਅਜ਼ਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜ਼ੀਰੀ ਦੀ। (ਸਿੱਖ ਪੰਥ ਵਿਸ਼ਵ ਕੋਸ਼, ਇੰਦਰਾਜ, ਨੱਥਾ ਭਾਈ)
ਅੱਜ ਸੰਸਾਰ ਪੱਧਰ ‘ਤੇ ਸਿੱਖ ਧਰਮ ਦਾ ਨਿਵੇਕਲਾ ਅਕਸ ਆਪਣੇ ਮੌਲਿਕ ਵਿਚਾਰਾਂ ਅਤੇ ਸਿਧਾਂਤਾਂ ਦੇ ਕਾਰਨ ਉਭਰ ਕੇ ਆ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਪੰਜਵੇਂ ਜਾਮੇ ਤਕ ਭਗਤੀ ਮਾਰਗ ਨੂੰ ਦ੍ਰਿੜ ਕਰਵਾਇਆ ਅਤੇ ਲੋੜ ਪੈਣ ’ਤੇ ਜੁਲਮ ਦੇ ਖਿਲਾਫ ਬਾਬਰ ਨੂੰ ਜਾਬਰ ਆਖ ਕੇ ਆਵਾਜ਼ ਨੂੰ ਵੀ ਬੁਲੰਦ ਵੀ ਕੀਤਾ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜ਼ੁਲਮ ਦਾ ਟਾਕਰਾ ਸ਼ਾਂਤ ਮਨ ਨਾਲ ਕੀਤਾ ਤੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਪੰਜਵੇਂ ਗੁਰੂ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰੂ ਨੇ ਧਰਮ ਦੀ ਦੁਨੀਆਂ ਵਿੱਚ ਇੱਕ ਨਿਆਰਾ ਬਦਲਾਅ ਲਿਆਂਦਾ। ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰੂ ਪਿਤਾ ਦੀ ਇੱਛਾ ਅਨੁਸਾਰ ਭਗਤੀ ਦੇ ਨਾਲ ਸ਼ਕਤੀ ਦਾ ਸਿਧਾਂਤਕ ਰੂਪ ਵਿੱਚ ਸੁਮੇਲ ਕੀਤਾ। ਸਿੱਖ ਧਰਮ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਗੁਰੂ ਨਾਨਕ ਦੀ ਛੇਵੀਂ ਜੋਤਿ ਨੇ ਸਸ਼ਤਰ ਧਾਰਨ ਕੀਤੇ। ਸ਼ਸਤਰ ਵੀ ਇੱਕ ਨਹੀਂ ਸਗੋਂ ਦੋ ਧਾਰਨ ਕੀਤੇ ਅਤੇ ਨਾਮ ਦਿੱਤਾ ਮੀਰੀ ਤੇ ਪੀਰੀ।
ਮੀਰੀ ਤੇ ਪੀਰੀ ਦੋਵੇਂ ਅਰਬੀ-ਫ਼ਾਰਸੀ ਭਾਸ਼ਾ ਦੇ ਸ਼ਬਦ ਹਨ। ਮੀਰੀ ਦਾ ਸੰਬੰਧ ਮੀਰ ਨਾਲ ਹੈ ਜੋ ਅਰਬੀ ਦੇ ਅਮੀਰ ਸ਼ਬਦ ਦਾ ਛੋਟਾ ਰੂਪ ਹੈ ਇਸ ਦਾ ਅਰਥ ਹੈ ਬਾਦਸ਼ਾਹ, ਸਰਦਾਰ। ਭਾਵ ਮੀਰ ਸ਼ਬਦ ਸ਼ਕਤੀ ਦਾ ਪ੍ਰਤੀਕ ਹੈ ਜੋ ਅਜਿਹੇ ਮਨੁੱਖ ਨਾਲ ਜੁੜਦਾ ਹੈ ਜੋ ਤਾਕਤਵਰ ਹੋ ਕੇ ਦੂਜਿਆਂ ਨੂੰ ਅਗਵਾਈ ਦਿੰਦਿਆਂ, ਹੁਕਮ ਮਨਾਉਣ ਦੇ ਸਮਰੱਥ ਹੁੰਦਾ ਹੈ।
ਪੀਰੀ ਸ਼ਬਦ ਦਾ ਸੰਬੰਧ ਫ਼ਾਰਸੀ ਦੇ ਪੀਰ ਸ਼ਬਦ ਨਾਲ ਹੈ ਜਿਸ ਦੇ ਅਰਥ ਹਨ : ਧਾਰਮਿਕ ਆਗੂ ਜਾਂ ਗੁਰੂ। ‘ਪੀਰੀ ਸ਼ਬਦ ’ਪੀਰ’ ਦਾ ਸਮਾਨਅਰਥੀ ਹੈ। ਆਮ ਕਰਕੇ ਧਾਰਮਿਕ ਖੇਤਰ ਵਿਚ ਅਗਵਾਈ ਦੇਣ ਵਾਲੇ ਉਸ ਵਿਅਕਤੀ ਨੂੰ ਪੀਰ ਆਖਿਆ ਜਾਂਦਾ ਹੈ ਜੋ ਨਿਰੋਲ ਅਧਿਆਤਮਕ ਜੀਵਨ ਜਿਊਂਦਿਆਂ, ਤਿਆਗ, ਵਿਰਕਤ ਤੇ ਨਿਰਵਿਰਤ ਮਾਰਗ ‘ਤੇ ਚਲਦਾ ਹੈ ਪਰ ਗੁਰਮਤਿ ਅਨੁਸਾਰ ਉੱਚੇ ਆਦਰਸ਼ਾਂ ਦਾ ਧਾਰਨੀ ਪੀਰ ਹੀ ਅਧਿਆਤਮਕ ਅਗਵਾਈ ਦੇਣ ਦੇ ਸਮਰੱਥ ਹੁੰਦਾ ਹੈ ਤੇ ਉਹ ਗੁਰੂ ਹੋ ਕੇ ਦੂਜਿਆਂ ਦਾ ਰਾਹ ਰੌਸ਼ਨ ਕਰਦਾ ਹੈ। ਭਾਈ ਗੁਰਦਾਸ ਦੇ ਹਵਾਲੇ ਨਾਲ ਸਿੱਖ ਧਰਮ ਵਿੱਚ ਪੀਰ ਸ਼ਬਦ, ਗੁਰੂ ਦਾ ਅਰਥ ਰੱਖਦਾ ਹੈ:
ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ। (ਵਾਰਾਂ ਭਾਈ ਗੁਰਦਾਸ, ਵਾਰ 1 ਪਉੜੀ 48)
ਮੀਰੀ ਤੇ ਪੀਰੀ ਦੇ ਇਸ ਨਿਵੇਕਲੇ ਸੰਗਮ ਨੂੰ ਗੁਰਮਤਿ ਵਿਚ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ ਅਤੇ ਰਾਜ ਤੇ ਯੋਗ ਦੇ ਅਰਥਾਂ ਵਿਚ ਵੀ ਪਰਿਭਾਸ਼ਿਤ ਕੀਤਾ ਜਾਂਦਾ ਹੈ। ਮੀਰੀ ਤੇ ਪੀਰੀ ਇਸ ਨਵੇਂ ਸੰਕਲਪ ਨੇ ਸਿੱਖਾਂ ਦੀ ਸਖ਼ਸ਼ੀਅਤ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ। ਮੀਰੀ ਤੇ ਪੀਰੀ ਦਾ ਸਿਧਾਂਤ ਲਾਗੂ ਕਰਦਿਆਂ ਗੁਰੂ ਹਰਿਗੋਬਿੰਦ ਸਾਹਿਬ ਨੇ ਬਚਨ ਕੀਤੇ, ਹੁਣ ਕਲਗੀ ਵਾਲੀ ਦਸਤਾਰ ਸਜਾਈ ਜਾਵੇਗੀ। ਕ੍ਰਿਪਾਨਾਂ ਧਾਰਨ ਕੀਤੀਆਂ ਜਾਣਗੀਆਂ। ਮੰਜੀ ਦੀ ਥਾਂ ਹੁਣ ਤਖ਼ਤ ਉੱਤੇ ਬੈਠਿਆ ਜਾਵੇਗਾ। ਹੁਣ ਜਿਹੜਾ ਕੋਈ ਸਿੱਖ ਚੰਗਾ ਘੋੜਾ ਤੇ ਚੰਗਾ ਸ਼ਸਤਰ ਭੇਟ ਕਰੇਗਾ ਉਸ ਨੂੰ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਮਿਲਣਗੀਆਂ, ਹੁਣ ਧਾਰਮਿਕ ਬੋਲਚਾਲ ਪੀਰਾਂ-ਫਕੀਰਾਂ ਵਾਲੀ ਅਤੇ ਬਾਹਰੀ ਦਿੱਖ ਸ਼ਹਿਨਸ਼ਾਹਾਂ ਵਰਗੀ ਹੋਵੇਗੀ। ਸ਼ਸਤਰ ਕਿਸੇ ਉਤੇ ਜ਼ੁਲਮ ਤੇ ਜਬਰ ਕਰਨ ਲਈ ਨਹੀਂ ਸਗੋਂ ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨ ਅਤੇ ਜਰਵਾਣੇ ਦਾ ਖਾਤਮਾ ਕਰਨ ਲਈ ਹਨ। ਧਰਮ ਦੀ ਰਾਖੀ ਲਈ ਕ੍ਰਿਪਾਨ ਧਾਰਨ ਕਰਨਾ ਲਾਜਮੀ ਹੈ ਤਾਂ ਕਿ ਕੋਈ ਦੁਸ਼ਮਣ ਸਹਿਜ ਕੀਤੇ ਇਸ ਨੂੰ ਹੱਥ ਨਾ ਪਾ ਸਕੇ। ਗੁਰੂ ਜੀ ਇਸ ਨਵੇਂ ਸਰੂਪ ਬਾਰੇ ਜਦੋਂ ਰਾਮਦਾਸੀ ਸੰਪਰਦਾ ਦੇ ਮੋਢੀ ਸੰਤ ਸਮਰਥ ਰਾਮਦਾਸ ਨੇ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ:
ਬਾਤਨ ਫਕੀਰੀ, ਜ਼ਾਹਿਰ ਅਮੀਰੀ।
ਸ਼ਸਤਰ ਗ਼ਰੀਬ ਦੀ ਰੱਖਿਆ। ਜਰਵਾਨੇ ਦੀ ਭਖਿਆ ਕੇ ਲੀਏ।
ਬਾਬਾ ਨਾਨਕ ਨੇ ਸੰਸਾਰ ਨਹੀਂ ਤਿਆਗਿਆ ਥਾ, ਮਾਯਾ ਤਿਆਗੀ ਥੀ। (ਸਿੱਖ ਪੰਥ ਵਿਸ਼ਵਕੋਸ਼, ਇੰਦਰਾਜ-ਸਮਰਥ ਰਾਮਦਾਸ )
ਦਸਵੇਂ ਜਾਮੇ ਵਿੱਚ ਇਹੀ ਮੀਰੀ ਤੇ ਪੀਰੀ ਦਾ ਸਿਧਾਂਤ ਖਾਲਸਾ ਪੰਥ ਦੀ ਸਿਰਜਣਾ ਵਿੱਚ ਸਹਾਈ ਸਿੱਧ ਹੋਇਆ, ਦਸਮ ਪਿਤਾ ਨੇ ਖਾਲਸੇ ਦੀ ਸਿਰਜਨਾਂ ਸਮੇਂ ਕਿਰਪਾਨ ਨੂੰ ਸਦਾ ਲਈ ਸਿੱਖਾਂ ਦਾ ਅੰਗ ਹੀ ਨਹੀਂ ਬਣਾ ਦਿੱਤਾ, ਸਗੋਂ ਇਸ ਦੀ ਵਰਤੋਂ ਨੂੰ ਵੀ ਜਾਇਜ਼ ਠਹਿਰਾਉਂਦਿਆਂ ਕਿਹਾ ਜਦੋਂ ਗੱਲਬਾਤ ਦੇ ਸਾਰੇ ਹੀਲੇ ਖਤਮ ਹੋ ਜਾਣ, ਵਿਚਾਰਾਂ ਦੀ ਪਕੜ ਢਿੱਲੀ ਪੈ ਜਾਵੇ, ਬੋਲਾਂ ਦਾ ਅਸਰ ਨਾ ਹੋਵੇ ਤਾਂ ਕਿਰਪਾਨ ਚੁੱਕਣੀ ਹੀ ਜਾਇਜ਼ ਹੈ।
ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥(ਜ਼ਫਰਨਾਮਾ)
ਪੀਰੀ ਮਾਨਵਤਾ ਦੀ ਸੇਵਾ ਦਾ ਪ੍ਰਤੀਕ ਹੈ ਅਤੇ ਮੀਰੀ ਇਸ ਸੇਵਾ ਵਿਚ ਆਈ ਰੁਕਾਵਟ ਨੂੰ ਦੂਰ ਕਰਨ ਦਾ ਸਾਧਨ। ਇਕੱਲੀ ਪੀਰੀ ਨੇ ਭਾਰਤ ਦੀ ਦੁਰਦਸ਼ਾ ਦੇਖ ਲਈ ਸੀ। ਵਿਦੇਸ਼ੀ ਹਮਲਾਵਰਾਂ ਨੇ ਕਈ ਸਦੀਆਂ ਤਕ ਭਾਰਤ ਨੂੰ ਅਪਣਾ ਗੁਲਾਮ ਬਣਾਈ ਰੱਖਿਆ। ਗੁਰੂ ਸਹਿਬਾਨ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਦੇ ਕੇ ਇਸ ਗੁਲਾਮੀ ਨੂੰ ਹੀ ਸਦਾ ਲਈ ਖਤਮ ਕਰ ਦਿੱਤਾ।
ਮੀਰੀ ਅਤੇ ਪੀਰੀ ਦਾ ਸਿਧਾਂਤ ਆਪਣੇ ਆਪ ਵਿਚ ਇਨਸਾਨ ਨੂੰ ਸੰਪੂਰਨਤਾ ਵਾਲੀ ਜੀਵਨ ਜੁਗਤ ਪ੍ਰਦਾਨ ਕਰਦਾ ਹੈ। ਇਹ ਅਕਾਲ ਪੁਰਖ ਦੇ ਇੱਕ ਹੀ ਸਮੇਂ ਦਿਆਲੂ ਤੇ ਸਬਰ ਸ਼ਕਤੀਮਾਨ ਹੋਣ ਦਾ ਝਲਕਾਰਾ ਵੀ ਦਿੰਦਾ ਹੈ। ਇਹ ਜੀਵਨ ਜੁਗਤ, ਪ੍ਰਭੂ ਦੇ ਨਿਰਭਉ ਤੇ ਨਿਰਵੈਰ ਸਰੂਪ ਨੂੰ ਪ੍ਰਗਟਾਉਂਦੇ ਹੋਏ ਮਨੁੱਖ ਲਈ ਨਿਰਭਉ ਤੇ ਨਿਰਵੈਰ ਹੋਣ ਦੀ ਪ੍ਰੇਰਨਾ ਦਿੰਦੀ ਹੈ। ਸੋ ਗੁਰੂ ਦੇ ਸਿੱਖ ਨੂੰ ਗੁਰਮੁੱਖੀ ਜੀਵਨ ਜਿਉਂਦਿਆਂ ਮੀਰੀ ਤੇ ਪੀਰੀ ਦੀ ਜੀਵਨ ਜੁਗਤ ਨੂੰ ਸਦਾ ਧਾਰਨ ਕਰ ਕੇ ਰੱਖਣਾ ਚਾਹੀਦਾ ਹੈ। ਮੀਰੀ ਪੀਰੀ ਦਾ ਇਹ ਸਿਧਾਂਤ ਹੀ ਹੈ ਕਿ ਅੱਜ ਪੂਰੀ ਦੁਨੀਆਂ ਸਿੱਖਾਂ ਦੀ ਭਗਤੀ ਤੇ ਸ਼ਕਤੀ ਨੂੰ ਮੰਨਦੀ ਹੈ। ਮੀਰੀ ਪੀਰੀ ਦੇ ਇਸ ਵਿਲੱਖਣ ਤੇ ਮਹਾਨ ਦਿਵਸ ਦੀਆਂ ਸਭ ਨੂੰ ਮੁਬਾਰਕਾਂ।