ਆਸਾਮ ਦੇ ਕਰੀਮਗੰਜ ਜ਼ਿਲ੍ਹੇ ਵਿੱਚ ਪਿਕਨਿਕ ਦੌਰਾਨ ਇੱਕ ਸੜਕ ਹਾਦਸੇ ਦੀ ਘਟਨਾ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸ਼ਾਮ ਨੂੰ ਰਤਾਬਾੜੀ ਇਲਾਕੇ ‘ਚ ਪਿਕਨਿਕ ਪਾਰਟੀ ਤੋਂ ਵਾਪਸ ਆ ਰਹੀ ਇਕ ਗੱਡੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ।
ਇੱਕ ਪੁਲਿਸ ਅਧਿਕਾਰੀ ਅਨੁਸਾਰ, ਨੌਜਵਾਨਾਂ ਦਾ ਇੱਕ ਸਮੂਹ ਗੁਆਂਢੀ ਹੇਲਾਕਾਂਡੀ ਜ਼ਿਲ੍ਹੇ ਦੇ ਕਟਲੀਚੇਰਾ ਖੇਤਰ ਵਿੱਚ ਪਿਕਨਿਕ ਮਨਾਉਣ ਗਿਆ ਸੀ ਜਦੋਂ ਵਾਪਸ ਪਰਤਦੇ ਸਮੇਂ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਆਫਤਾਬ ਉੱਦੀਨ ਲਸ਼ਕਰ ਅਤੇ ਵਿਸ਼ਵਜੀਤ ਲੋਹਾਰ ਵਜੋਂ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਪਹਿਲਾਂ ਕਟਲੀਚੇਰਾ ਦੇ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਸਿਲਚਰ ਮੈਡੀਕਲ ਕਾਲਜ ਅਤੇ ਹਸਪਤਾਲ (SMCH) ਵਿੱਚ ਭੇਜ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਨੇੜਲੇ ਰਤਾਬਾੜੀ ਥਾਣੇ ਦੀ ਪੁਲਿਸ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ।