ਚੰਡੀਗੜ੍ਹ : ਦੇਸ਼ ਵਿੱਚ ਬਰਡ ਫਲੂ ਨੂੰ ਲੈ ਕੇ ਹਾਈ ਅਲਰਟ ਕਰ ਦਿੱਤਾ ਗਿਆ ਹੈ। ਜਿਸ ਤਹਿਤ ਚੰਡੀਗੜ੍ਹ ਵਿਚ ਵੀ ਇਕ ਪੰਛੀ ਦੀ ਮੌਤ ਹੋਣ ਨਾਲ ਪ੍ਰਸ਼ਾਸਨ ਹਲਚਲ ‘ਚ ਆਇਆ ਹੈ। ਦਰਅਸਲ ਚੰਡੀਗੜ੍ਹ ਦੀ ਸੁਖਨਾ ਲੇਕ ‘ਤੇ ਇੱਕ ਪਰਵਾਸੀ ਪੰਛੀ ਮਰਿਆ ਮਿਲਿਆ ਸੀ। ਜਿਸ ਦੇ ਸੈਂਪਲ ਲੈ ਕੇ ਜਲੰਧਰ ਲੈਬ ਵਿੱਚ ਟੈਸਟ ਲਈ ਭੇਜ ਦਿੱਤੇ ਹਨ। ਟੈਸਟ ਦੀ ਰਿਪੋਰਟ ਅੱਜ ਆਉਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਵਣ ਵਿਭਾਗ ਦੇ ਅਧਿਕਾਰੀ ਦੇਵੇਂਦਰ ਦਲਾਈ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਪੰਛੀ ਦੇ ਮਰਨ ਨਾਲ ਜ਼ਿਆਦਾ ਚਿੰਤਾ ਦੀ ਗੱਲ ਨਹੀਂ ਹੈ। ਅਜਿਹੇ ਵਿਚ ਕਈ ਵਾਰ ਆਮ ਤੌਰ ‘ਤੇ ਵੀ ਪੰਛੀਆਂ ਦੀ ਮੌਤ ਹੋ ਜਾਂਦੀ ਹੈ। ਜਲੰਧਰ ਲੈਬ ‘ਚੋਂ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਚੰਡੀਗੜ੍ਹ ਦੇ ਨਾਲ ਲੱਗਦੇ ਪੰਚਕੂਲਾ ਵਿਚ ਲੱਖਾਂ ਦੀ ਗਿਣਤੀ ਅੰਦਰ ਮੁਰਗੇ ਮੁਰਗੀਆਂ ਮਰੇ ਸਨ। ਜਿਸ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਪਹਿਲਾਂ ਤੋਂ ਹੀ ਅਲਰਟ ‘ਤੇ ਸੀ। ਇਸ ਤੋਂ ਇਲਾਵਾ ਹਿਮਾਚਲ ਦੇ ਪੋਂਗ ਡੈਮ ‘ਤੇ ਵੀ 2700 ਤੋਂ ਵੱਧ ਪ੍ਰਵਾਸੀ ਪੰਛੀ ਮਾਰੇ ਜਾ ਚੁੱਕੇ ਹਨ।