ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਾਰਨ ਲਗਾਏ ਗਏ ਲਾਕਡਾਊਨ ਤੋਂ ਦੇਸ਼ ਨੂੰ ਅਨਲੌਕ ਕਰਨ ਲਈ ਕੇਂਦਰ ਸਰਕਾਰ ਹਰ ਮਹੀਨੇ ਨਵੀਆਂ ਗਾਈਡਲਾਈਨ ਜਾਰੀ ਕਰਦੀ ਹੈ। ਪਰ ਨਵੰਬਰ ਮਹੀਨੇ ਲਈ ਕੇਂਦਰ ਸਰਕਾਰ ਨੇ ਕੋਈ ਨਵੀਂ ਗਾਈਡਲਾਈਨ ਜਾਰੀ ਨਹੀਂ ਕੀਤੀ।
ਕੇਂਦਰ ਸਰਕਾਰ ਵੱਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ ਸੀਮਾ ‘ਚ ਇਕ ਮਹੀਨੇ ਦਾ ਵਾਧਾ ਕਰ ਦਿੱਤਾ ਗਿਆ। ਜਿਸ ਤਹਿਤ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਦੀਆਂ ਗਤੀਵਿਧੀਆਂ ਜਿਵੇਂ ਪਹਿਲਾਂ 50 ਫੀਸਦੀ ਸਮਰਥਾ ਨਾਲ ਖੋਲ੍ਹੀਆਂ ਸਨ, ਉਵੇਂ ਹੀ 30 ਨਵੰਬਰ ਤਕ ਖੁੱਲ੍ਹੀਆਂ ਰਹਿਣਗੀਆਂ।
ਕੇਂਦਰ ਦੇ ਇਸ ਐਲਾਨ ਨਾਲ ਸਿਨਮਾ ਘਰ ਅਤੇ ਮਲਟੀਪਲੈਕਸ 30 ਨਵੰਬਰ ਤਕ ਮੌਜੂਦਾ ਦਿਸ਼ਾ ਨਿਰਦੇਸ਼ ਤਹਿਤ ਖੁੱਲ੍ਹੇ ਰਹਿਣਗੇ। ਪਹਿਲਾਂ ਸਿਨਮਾ ਘਰ, ਮਲਟੀਪਲੈਕਸ 31 ਅਕਤੂਬਰ ਤੱਕ ਹੀ ਖੁੱਲ੍ਹੇ ਰੱਖਣ ਦੇ ਆਦੇਸ਼ ਦਿੱਤੇ ਹੋਏ ਸਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਹੁਕਮਾਂ ਤਹਿਤ ਘਰੇਲੂ ਉਡਾਣਾਂ ਨੂੰ ਛੱਡ ਕੇ ਬਾਕੀ ਅੰਤਰਰਾਸ਼ਟਰੀ ਉਡਾਨਾਂ ਬੰਦ ਰਹਿਣਗੀਆਂ। ਸੂਬੇ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਸਕੂਲ ਅਤੇ ਕੋਚਿੰਗ ਸੈਂਟਰ ਪੜਾਅਵਾਰ ਢੰਗ ਨਾਲ ਮੁੜ ਖੁੱਲ੍ਹਣ ਬਾਰੇ ਫੈਸਲਾ ਲੈਣ ਦੀ ਖੁੱਲ੍ਹ ਦਿੱਤੀ ਗਈ ਹੈ।