ਘਲੂਘਾਰਾ ਦਿਵਸ ਦਾ ਸੁਨੇਹਾ!

Global Team
3 Min Read

ਜਗਤਾਰ ਸਿੰਘ ਸਿੱਧੂ

ਅੱਜ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਯਾਦਗਾਰੀ ਸਮਾਗਮ ਦੁਨੀਆਂ ਭਰ ਵਿੱਚ ਬੈਠੇ ਸਿੱਖ ਭਾਈਚਾਰੇ ਲਈ ਕਈ ਸੁਨੇਹੇ ਦੇ ਗਿਆ । ਸਮੇਂ ਦੀ ਸਰਕਾਰ ਦਾ ਕੀਤਾ ਅਣਮਨੁੱਖੀ ਕਾਰਾ ਮਾਨਵਤਾ ਦੇ ਮੱਥੇ ਤੇ ਕਲੰਕ ਹੈ । ਆਪਣੀ ਸਰਕਾਰ ਦੇ ਹੁਕਮ ਤੇ ਸ੍ਰੀ ਦਰਬਾਰ ਸਾਹਿਬ ਮਾਨਵਤਾ ਦੇ ਪਵਿੱਤਰ ਅਸਥਾਨ ਤੇ ਫੌਜਾਂ ਵਲੋਂ ਟੈਂਕਾਂ ਨਾਲ ਕੀਤੇ ਹਮਲੇ ਦੀ ਚੀਸ ਹੁਕਮਰਾਨਾਂ ਦੀਆਂ ਮਾਫੀਆਂ ਨਾਲ ਵੀ ਸਦੀਆਂ ਤੱਕ ਨਹੀਂ ਭੁਲਾਈ ਜਾ ਸਕਦੀ । ਇਸ ਅਹਿਮ ਦਿਹਾੜੇ ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਕਾਲ ਸਾਹਿਬ ਦੀ ਫਸੀਲ ਤੋਂ ਰਵਾਇਤ ਮੁਤਾਬਿਕ ਘੱਲੂਘਾਰਾ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਿਉਂ ਨਹੀਂ ਕਰ ਸਕੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਨੂੰ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਕਿਉ ਨਿਭਾਉਂਣੀ ਪਈ! ਜਥੇਦਾਰ ਗੜਗੱਜ ਨੇ ਅੱਜ ਸਾਰੀਆਂ ਪੰਥਕ ਧਿਰਾਂ ਨੂੰ ਏਕੇ ਦੀ ਅਪੀਲ ਕੀਤੀ ਹੈ ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਜੇਕਰ ਕੁਝ ਪੰਥਕ ਧਿਰਾਂ ਗਿਆਨੀ ਗੜਗੱਜ ਨੂੰ ਜਥੇਦਾਰ ਹੀ ਮੰਨਣ ਲਈ ਤਿਆਰ ਨਹੀਂ ਹਨ ਤਾਂ ਕਿਸ ਪੰਥਕ ਏਕੇ ਦਾ ਸੱਦਾ ਦਿੱਤਾ ਜਾ ਰਿਹਾ ਹੈ ।

ਜੇਕਰ ਅਜ ਦੇ ਘੱਲੂਘਾਰਾ ਦਿਵਸ ਦੀ ਹੀ ਗੱਲ ਕੀਤੀ ਜਾਵੇ ਤਾਂ ਇਹ ਤੈਅ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੜਗੱਜ ਹੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਂ ਸੁਨੇਹਾ ਦੇਣਗੇ । ਗਿਆਨੀ ਗੜਗੱਜ ਦਾ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਤੈਅ ਸੀ। ਦੂਜੇ ਪਾਸੇ ਦਮਦਮੀ ਟਕਸਾਲ ਦੇ ਮੁਖੀ ਜਥੇਦਾਰ ਹਰਨਾਮ ਸਿੰਘ ਧੁੰਮਾਂ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਜਥੇਦਾਰ ਗੜਗੱਜ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਪ੍ਰਵਾਨ ਨਹੀਂ ਕਰਦੇ । ਧੁੰਮਾਂ ਨੇ ਆਖ ਦਿੱਤਾ ਸੀ ਕਿ ਉਹ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਗੜਗੱਜ ਦਾ ਸੁਨੇਹਾ ਨਹੀਂ ਕਰਨ ਦੇਣਗੇ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਨੇ ਜਥੇਦਾਰ ਧੁੰਮਾਂ ਨਾਲ ਮਸਲੇ ਦੇ ਹੱਲ ਲਈ ਮੁਲਾਕਾਤ ਕੀਤੀ ਪਰ ਮਸਲੇ ਦਾ ਹੱਲ ਨਹੀਂ ਨਿਕਲਿਆ ।ਕੁਝ ਹੋਰ ਜਥੇਬੰਦੀਆਂ ਵੀ ਗਿਆਨੀ ਗੜਗੱਜ ਦਾ ਵਿਰੋਧ ਕਰ ਰਹੀਆਂ ਹਨ। ਇਸ ਸਥਿਤੀ ਵਿੱਚ ਜਥੇਦਾਰ ਗੜਗੱਜ ਰਵਾਇਤੀ ਢੰਗ ਨਾਲ ਜਿੰਮੇਵਾਰੀ ਨਹੀਂ ਨਿਭਾਅ ਸਕੇ। ਘੱਲੂਘਾਰਾ ਦਿਵਸ ਨੇ ਜਥੇਦਾਰ ਦੀ ਸਾਰੀਆਂ ਧਿਰਾਂ ਦੀ ਪ੍ਰਵਾਨਗੀ ਉਪਰ ਵੀ ਸਵਾਲ ਖੜ੍ਹਾ ਕਰ ਦਿੱਤਾ ਹੈ ।

ਸੰਪਰਕ 9814002186

Share This Article
Leave a Comment