ਚੰਡੀਗੜ੍ਹ : ਮਨੀਮਾਜਰਾ ‘ਚ ਬਿਮਾਰੀ ਤੋਂ ਤੰਗ ਆ ਕੇ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਵਿਅਕਤੀ ਨੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 52 ਸਾਲ ਸੀ। ਭੁਪਿੰਦਰ ਸਿੰਘ ਮਨੀਮਾਜਰਾ ਦੇ ਮਾਡਰਨ ਕੰਪਲੈਕਸ ਵਿੱਚ ਰਹਿੰਦਾ ਸੀ। ਬੀਤੀ ਰਾਤ ਉਸ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਪਰਿਵਾਰ ਨੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਭੁਪਿੰਦਰ ਸਿੰਘ ਨੂੰ ਚੰਡੀਗਡ਼੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ‘ਚ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਮੁਤਾਬਕ ਮ੍ਰਿਤਕ ਭੁਪਿੰਦਰ ਸਿੰਘ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ। ਪਿਛਲੇ 22 ਸਾਲਾਂ ਤੋਂ ਉਸ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਭੁਪਿੰਦਰ ਸਿੰਘ ਦੀ ਪਤਨੀ ਰਾਜ ਰਾਣੀ ਹੈਲਥ ਕੇਅਰ ਸਰਵਿਸ ਵਿੱਚ ਕੰਮ ਕਰਦੀ ਹੈ, ਜਦੋਂਕਿ ਭੁਪਿੰਦਰ ਸਿੰਘ ਦਾ ਲੜਕਾ ਰਵਿੰਦਰ ਸਿੰਘ ਟੈਕਸੀ ਡਰਾਈਵਰ ਹੈ। ਪਰਿਵਾਰ ਮੁਤਾਬਕ ਬੀਤੀ ਰਾਤ ਭੁਪਿੰਦਰ ਸਿੰਘ ਚਾਹ ਪੀਣ ਤੋਂ ਬਾਅਦ ਦੂਸਰੇ ਕਮਰੇ ਵਿੱਚ ਸੌਣ ਲਈ ਗਿਆ ਪਰ ਉਸ ਨੇ ਕਮਰੇ ਵਿਚ ਆਪਣੀ ਪੱਗ ਦੇ ਨਾਲ ਫਾਹਾ ਲੈ ਲਿਆ।