ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਮੀਤ ਹੇਅਰ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਪੰਜਾਬ ਵਿਧਾਨ ਸਭਾ ‘ਚ ਪਾਸ ਕੀਤੇ ਫ਼ਰਜ਼ੀ ਬਿੱਲਾਂ ਨੂੰ ਲੈ ਕੇ ਰਾਸ਼ਟਰਪਤੀ ਕੋਲ ਜਾਣ ਦੀਆਂ ਹਵਾਬਾਜ਼ੀ ਵਾਲੀਆਂ ਗੱਲਾਂ ਛੱਡਣ ਅਤੇ ਪ੍ਰਧਾਨ ਮੰਤਰੀ ਕੋਲੋਂ ਐਮ.ਐਸ.ਪੀ ‘ਤੇ ਖ਼ਰੀਦ ਦੀ ਗਰੰਟੀ ਕਰਾਉਣ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸਮੇਤ ਪੂਰੀ ਕਾਂਗਰਸ ਫ਼ਰਜ਼ੀ ਬਿੱਲਾਂ ਦੇ ਨਾਂ ‘ਤੇ ਲੱਡੂ ਵੰਡ ਕੇ ਕਿਸਾਨਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ‘ਚ ਜੁਟੇ ਹੋਏ ਹਨ। ਇਸ ਸਿਆਸੀ ਪੈਂਤੜੇ ਨੂੰ ਹੋਰ ਹਵਾ ਦੇਣ ਲਈ ਅਮਰਿੰਦਰ ਸਿੰਘ ਦੇਸ਼ ਦੇ ਰਾਸ਼ਟਰਪਤੀ ਕੋਲੋਂ ਇਨ੍ਹਾਂ ਫੋਕੇ ਬਿੱਲਾਂ ‘ਤੇ ਮਨਜ਼ੂਰੀ ਲੈਣ ਲਈ ਰਾਸ਼ਟਰਪਤੀ ਭਵਨ ਜਾਣ ਦੀਆਂ ਗੱਲਾਂ ਕਰ ਰਹੇ ਹਨ। ਜਦਕਿ ਸਭ ਜਾਣਦੇ ਹਨ ਕਿ ਮਾਨਯੋਗ ਰਾਸ਼ਟਰਪਤੀ ਦੇ ਹੱਥ ਕੁੱਝ ਵੀ ਨਹੀਂ ਹੈ ਅਤੇ ਸਭ ਕੁੱਝ ਪ੍ਰਧਾਨ ਮੰਤਰੀ ਦੇ ਹੱਥ ‘ਚ ਹੈ। ਬਾਕੀ ਸਭ ਦਿਖਾਵਾ ਅਤੇ ਡਰਾਮੇਬਾਜ਼ੀ ਹੈ। ਇਸ ਲਈ ਕੈਪਟਨ ਭੋਲੇ-ਭਾਲੇ ਕਿਸਾਨਾਂ ਅਤੇ ਪੰਜਾਬੀਆਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਨਾ ਕਰਨ।
ਮੀਤ ਹੇਅਰ ਨੇ ਕਿਹਾ ਕਿ ਮੋਦੀ ਅਤੇ ਕੈਪਟਨ ਦੀ ਪੂਰੀ ਸੈਟਿੰਗ ਹੈ। ਦੋਵਾਂ ਦੀ ਦੋਸਤੀ ਨੂੰ ਸਾਰਾ ਜੱਗ ਜਾਣਦਾ ਹੈ। ਇੱਥੋਂ ਤੱਕ ਜੇਕਰ ਅਮਰਿੰਦਰ ਸਿੰਘ ਆਪਣੀ ਇਸ ‘ਯਾਰੀ’ ਨੂੰ ਪੰਜਾਬ ਦੇ ਕਿਸਾਨਾਂ ਲਈ ਵਰਤਣ ਤਾਂ ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾਏ ਜਾ ਸਕਦੇ ਹਨ।
ਮੀਤ ਹੇਅਰ ਨੇ ਕਿਹਾ ਕਿ ਜਦ ਤੱਕ ਕੈਪਟਨ ਮੋਦੀ ਕੋਲੋਂ ਐਮਐਸਪੀ ‘ਤੇ ਖ਼ਰੀਦ ਦੀ ਗਰੰਟੀ ਨਹੀਂ ਕਰਵਾਉਂਦੇ ਉਦੋਂ ਤੱਕ ਇਹ ਗਰੰਟੀ ਪੰਜਾਬ ਸਰਕਾਰ ਅਸਲੀ ਕਾਨੂੰਨ ਬਣਾ ਕੇ ਖ਼ੁਦ ਚੁੱਕੇ। ਜੇਕਰ ਕੈਪਟਨ ਕਿਸਾਨਾਂ ਦੇ ਹੁੱਕ ‘ਚ ਇਹ ਕਦਮ ਨਹੀਂ ਉਠਾ ਸਕਦੇ ਤਾਂ ਤੁਰੰਤ ਗੱਦੀ ਛੱਡ ਦੇਣ। ਇਸ ਲਈ ਸਾਫ਼ ਹੈ ਕਿ ਪੰਜਾਬ ਦੇ ਲੋਕ ਅਮਰਿੰਦਰ ਸਿੰਘ ਦੇ ਰਾਸ਼ਟਰਪਤੀ ਵਾਲੇ ਡਰਾਮੇ ‘ਚ ਨਹੀਂ ਫਸਣਗੇ।