ਗੁਰਦਾਸਪੁਰ: ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ’ਚ ਅਤੱਵਾਦੀਆਂ ਨਾਲ ਮੁੱਠਭੇੜ ਦੌਰਾਨ ਸ਼ਹੀਦ ਹੋਏ ਪਿੰਡ ਚੱਠਾ ਦੇ ਜਵਾਨ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਗਈ ਹੈ। ਸ਼ਹੀਦ ਮਨਦੀਪ ਸਿੰਘ ਦੀ ਮਾਤਾ ਨੇ ਕਿਹਾ ਕਿ ਮੇਰੇ ਪੁੱਤਰ ਨੇ ਸ਼ਹੀਦੀ ਦੇ ਕੇ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ।
ਸ਼ਹੀਦ ਦੀ ਪਤਨੀ ਨੇ ਕਿਹਾ ਕਿ ਮੈਨੂੰ ਆਪਣੇ ਪਤੀ ‘ਤੇ ਮਾਣ ਹੈ ਤੇ ਉਸਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਮਨਦੀਪ ਹਮੇਸ਼ਾ ਜ਼ਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਮੇਰੇ ਦੋਵੇਂ ਪੁੱਤ ਵੀ ਇਸੇ ਤਰ੍ਹਾਂ ਦੇਸ਼ ਦੀ ਰਾਖੀ ਕਰਨਗੇ।
ਸ਼ਹੀਦ ਮਨਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਸ਼ਹੀਦ ਮਨਦੀਪ ਸਿੰਘ ਦਾ ਵੱਡਾ ਭਰਾ ਜਗਰੂਪ ਸਿੰਘ ਆਰਮੀ ‘ਚ ਤਾਇਨਾਤ ਹੈ।
ਜਵਾਨ ਜਗਰੂਪ ਸਿੰਘ ਨੇ ਦੱਸਿਆ ਕਿ ਸ਼ਹੀਦ ਮਨਦੀਪ ਸਿੰਘ ਨਾਲ ਸ਼ਨੀਵਾਰ ਰਾਤ ਨੂੰ ਕਾਫ਼ੀ ਲੰਬੀ ਗੱਲਬਾਤ ਹੋਈ ਸੀ। ਵੀਡੀਓ ਕਾਲਿੰਗ ਰਾਹੀਂ ਇੱਕ ਦੂਜੇ ਨਾਲ ਅਸੀਂ ਹਾਸਾ ਮਜ਼ਾਕ ਕਰ ਰਹੇ ਸੀ ਪਰ ਅਗਲਾ ਦਿਨ ਇੰਨਾ ਕਹਿਰ ਲੈ ਕੇ ਆਵੇਗਾ, ਇਹ ਸੋਚਿਆ ਨਹੀਂ ਸੀ।