ਬਿੰਦੂ ਸਿੰਘ
ਚੋਣਾਂ ਦੇ ਪੇੈਣ ਤੇ ਨਤੀਜਿਆਂ ਵਿਚਕਾਰਲੇ ਸਮੇੰ ‘ਚ ਸਿਆਸੀ ਬਿਆਨਬਾਜ਼ੀਆਂ ਅਤੇ ਗਤੀਵਿਧੀਆਂ ਰੁੱਕੀਆਂ ਹੋਈਆਂ ਹਨ। ਪਰ ਇਸ ਦੌਰਾਨ ਬੀਤੇ ਕੱਲ੍ਹ ਤੋੰ ਇੱਕ ਵਾਰ ਫਿਰ ਬਿਆਨਬਾਜੀਆਂ ਦਾ ਦੌਰ ਗਰਮਾਇਆ ਹੈ। ਡਰੱਗ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਦੇ ਬਾਅਦ ਬਿਕਰਮ ਮਜੀਠੀਆ ਨੇ ਮੋਹਾਲੀ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਜਿੱਥੇ ਉਨ੍ਹਾਂ ਨੂੰ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ਤੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਪਰ ਇਸ ਦੇ ਨਾਲ ਹੀ ਮਜੀਠੀਆ ਵੱਲੋਂ ਅਦਾਲਤ ਵਿੱਚ ਪੱਕੀ ਜ਼ਮਾਨਤ ਲਈ ਅਰਜ਼ੀ ਵੀ ਮੋਹਾਲੀ ਕੋਰਟ ਵਿਚ ਦਾਇਰ ਕੀਤੀ ਗਈ ਸੀ। ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ।
ਇਸ ਵਿਚਕਾਰ ਫੇਰ ਸਿਆਸੀ ਵਿਰੋਧੀਆਂ ਨੂੰ ਬਿਆਨਬਾਜ਼ੀ ਦਾ ਮੌਕਾ ਮਿਲ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਅਦਾਲਤ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਦਾਲਤ ਨੇ ਜਿਹੜੇ ਹੁਕਮ ਜਾਰੀ ਕੀਤੇ ਹਨ ਓਹ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕਈ ਵਰ੍ਹੇ ਪਹਿਲਾਂ ਕਰ ਦੇਣਾ ਚਾਹੀਦਾ ਸੀ। ਚੀਮਾ ਨੇ ਇਹ ਵੀ ਕਿਹਾ ਕਿ ਜੇਕਰ ਇਸ ਵਾਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਂਦੀ ਹੈ ਤੇ ੳਹ ਪੰਜਾਬ ਚੋਂ ਮਾਫੀਏ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕੰਮ ਕਰੇਗੀ।
ਚੀਮਾ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਤੇ ਮੌਜੂਦਾ ਕਾਂਗਰਸ ਸਰਕਾਰ ਨੇ ਡਰੱਗ ਮਾਫੀਆ ਤੇ ਹੋਰ ਜੁੜੇ ਲੋਕਾਂ ਨੁੂੰ ਸ਼ਹਿ ਦੇਣ ਦਾ ਕੰਮ ਕੀਤਾ। ਉਨ੍ਹਾਂ ਨੇ ਸਿੱਧੇ ਸਿੱਧੇ ਇਲਜ਼ਾਮ ਲਾਏ ਕਿ ਕਾਂਗਰਸ ਸਰਕਾਰ ਤੇ ਮਜੀਠੀਆ ਡਰੱਗ ਕੇਸ ਨੂੰ ਖ਼ਤਮ ਕਰਨ ਲਈ ਕਈ ਹੀਲੇ ਵਰਤਦੇ ਰਹੇ ਹਨ। ਚੀਮਾ ਨੇ ਕਿਹਾ ਕਿ ਮਜੀਠੀਆ ਨੂੰ ਇਸ ਮਾਮਲੇ ‘ਚ ਪਹਿਲਾਂ ਹੀ ਜੇਲ੍ਹ ‘ਚ ਹੋਣਾ ਚਾਹੀਦਾ ਸੀ।
ਇਸ ਤੋਂ ਪਹਿਲੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਡਰੱਗ ਦੇ ਮਾਮਲੇ ਨੂੰ ਲੈ ਕੇ ਮਜੀਠੀਆ ਨੂੰ ਘੇਰਦੇ ਰਹੇ ਹਨ ਤੇ ਕਈ ਵਾਰੀ ਤਿੱਖੇ ਸ਼ਬਦੀ ਹਮਲੇ ਵੀ ਕਰਦੇ ਰਹੇ ਹਨ । 2017 ਦੀਆਂ ਚੋਣਾਂ ਵੇਲੇ ਨਸ਼ੇ ਦਾ ਮੁੱਦਾ ਮੁੱਖ ਤੌਰ ਤੇ ਉੱਭਰ ਕੇ ਸਾਹਮਣੇ ਆਇਆ ਸੀ। ਉਸ ਵੇਲੇ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣ ਲੜੀ ਸੀ ਤੇ ਕੈਪਟਨ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਨਸ਼ੇ ਦਾ ਚਾਰ ਮਹੀਨਿਆਂ ‘ਚ ਲੱਕ ਤੋੜ ਦੇਣ ਦਾ ਵਾਅਦਾ ਕੀਤਾ ਸੀ।
ਇਸ ਵਿਚਕਾਰ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ‘ਚ ਨੌਜਵਾਨ ਆਪਣੀਆਂ ਬਾਹਾਂ ਚ ਸਰਿੰਜਾਂ ਨਾਲ ਹੀ ਦਮ ਤੋੜ ਗਏ। ਇਸ ਨੂੰ ਲੈ ਕੇ ਕੈਪਟਨ ਸਰਕਾਰ ਤੇ ਕਈ ਸਵਾਲ ਵੀ ਉੱਠੇ ਸਨ। ਸਰਕਾਰ ਨੇ ਸੂਬੇ ‘ਚ ਖੋਲ੍ਹੇ ਗਏ ਨਸ਼ਾ ਕੇਂਦਰਾਂ ‘ਚ ਹੋ ਰਹੇ ਇਲਾਜਾਂ ਨੂੰ ਲੈ ਕੇ ਪ੍ਰਚਾਰ ਕੀਤਾ। ਇਸ ਵਿਚਕਾਰ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈਆਂ ਸਨ ਜਿਸ ਵਿੱਚ ਨਸ਼ਾ ਕਰਦੇ ਲੋਕ ਵੇਖੇ ਜਾ ਸਕਦੇ ਸਨ । ਇਸ ਵਿਚਕਾਰ ਹੀ ਕਈ ਐਸੀਆਂ ਵੀਡੀਓ ਆਈਆਂ ਜਿਸ ਵਿੱਚ ਕੁੜੀਆਂ ਤੇ ਔਰਤਾਂ ਵੀ ਨਸ਼ੇ ਕਰਦੀਆਂ ਵੇਖੀਆਂ ਜਾ ਸਕਦੀਆਂ ਸਨ ਤੇ ਕੁਝ ਇੱਕ ਨੇ ਕੈਮਰੇ ਤੇ ਆ ਕੇ ਵੀ ਬੋਲਣ ਦੀ ਜੁਅੱਰਤ ਕੀਤੀ ਤੇ ਮੰਨਿਆ ਕਿ ਉਹ ਨਸ਼ੇ ਦੀ ਗ੍ਰਿਫ਼ਤ ਵਿੱਚ ਹਨ। ਫਿਰ ਸਵਾਲ ਇਹ ਵੀ ਉੱਠਿਆ ਕਿ ਨਸ਼ਾ ਕੇਂਦਰ ਮਹਿਲਾਵਾਂ ਲਈ ਵੀ ਖੋਲ੍ਹੇ ਗਏ ਹਨ ਤਾਂ ਇਸਦਾ ਮਤਲਬ ਸਰਕਾਰ ਨੂੰ ਇਸ ਗੱਲ ਦਾ ਇਲਮ ਪਹਿਲਾਂ ਹੀ ਸੀ। ਰੂੜੀਆਂ ‘ਤੇ ਸਰਿੰਜਾਂ ਸਮੇਤ ਡਿੱਗੇ ਨੌਜਵਾਨਾਂ ਦੀਆਂ ਮਾਵਾਂ ਦੀਆਂ ਚੀਕਾਂ ਵਾਲੇ ਦ੍ਰਿਸ਼ ਵੇਖ ਮਜ਼ਬੂਤ ਤੋਂ ਮਜ਼ਬੂਤ ਹਿਰਦੇ ਵੀ ਕੰਬ ਗਏ ਸਨ।
ਇਹ ਦੌਰ ਕਾਫੀ ਡਰਾਉਣਾ ਸੀ ਉਨ੍ਹਾਂ ਦਿਨਾਂ ‘ਚ ਲੋਕੀਂ ਪ੍ਰੇਸ਼ਾਨ ਸਨ ਤੇ ਕੁਝ ਸਮਾਜ ਸੇਵੀਆਂ ਨੇ ਇਕੱਤਰ ਹੋ ਕੇ ਨਸ਼ਿਆਂ ਖ਼ਿਲਾਫ਼ ਮੁਹਿੰਮ ਵੀ ਛੇੜੀ ਸੀ ਤੇ ਨਸ਼ਿਆਂ ਖਿਲਾਫ਼ ਕਾਲਾ ਹਫ਼ਤਾ, ਫਿਰ ਕਾਲ਼ੀਆਂ ਪੱਟੀਆਂ ਲਾ ਕੇ ਚੌਂਕਾਂ ਚ ਖਡ਼੍ਹੇ ਹੋ ਕੇ ਹੱਥ ‘ਚ ਤਖਤੀਆਂ ਫੜ ਕੇ ਰੋਸ ਜ਼ਾਹਿਰ ਕੀਤਾ ਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਕੀਤੀ। ਵਿਦੇਸ਼ਾਂ ਚ ਬੈਠੇ ਪੰਜਾਬੀਆਂ ਨੇ ਇੱਕ ਵਾਰ ਫੇਰ ਇਸ ਨਸ਼ਿਆਂ ਖ਼ਿਲਾਫ਼ ਮੁਹਿੰਮ ‘ਚ ਬਾਹਰਲੇ ਮੁਲਕਾਂ ‘ਚ ਰੋਸ ਮੁਜ਼ਾਹਰੇ ਕੀਤੇ। ਇਨ੍ਹਾਂ ਰੋਸ ਮੁਜ਼ਾਹਰਿਆਂ ਤੋਂ ਲੱਗਦਾ ਸੀ ਕਿ ਲੋਕਾਂ ਦੀਆਂ ਚੀਕਾਂ ਤੇ ਆਵਾਜ਼ਾਂ ਸਰਕਾਰ ਦੇ ਕੰਨਾਂ ਤੱਕ ਪੁੱਜੀਆਂ ਹੋਣਗੀਆਂ ਤੇ ਨਸ਼ਾ ਮਾਫ਼ੀਆ ਨੂੰ ਠੱਲ੍ਹ ਪਾਉਣ ਲਈ ਕੋਈ ਸਖ਼ਤ ਫ਼ੈਸਲੇ ਕੀਤੇ ਜਾਣਗੇ।
ਕੈਪਟਨ ਅਮਰਿੰਦਰ ਸਿੰਘ ਮੀਡੀਆ ‘ਚ ਆ ਕੇ ਹਰ ਵਾਰ ਕਹਿੰਦੇ ਨਜ਼ਰ ਆਉਂਦੇ ਸਨ ਕਿ ਨਸ਼ਾ ਵਪਾਰੀਆਂ ਤੇ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਫੜ ਫੜ ਕੇ ਜੇਲ੍ਹਾਂ ‘ਚ ਡੱਕਿਆ ਗਿਆ ਹੈ। ਪਰ ਇਸ ਸਭ ਦੇ ਬਾਵਜੂਦ ਪੰਜਾਬੀ ਫ਼ਿਲਮ ‘ਉੜਤਾ ਪੰਜਾਬ’ ਲੋਕਾਂ ਦੇ ਵਿਚ ਵੇਖੀ ਗਈ ਤੇ ਲੋਕਾਂ ਦੀ ਚਿੰਤਾ ਹੋਰ ਵੀ ਵਧ ਗਈ । ਉਧਰ ਵਿਰੋਧੀ ਲਗਾਤਾਰ ਇੱਕੋ ਗੱਲ ਕਹਿੰਦੇ ਰਹੇ ਕਿ ਨਸ਼ਿਆਂ ਦੇ ਵਿਉਪਾਰ ਨੂੰ ਤਾਂ ਤੱਕ ਠੱਲ੍ਹ ਨਹੀਂ ਪੈ ਸਕਦੀ ਜਦੋਂ ਤੱਕ ਸਰਕਾਰ ਸੁਹਿਰਦ ਹੋ ਕੇ ਵੱਡੇ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦੀ ਹੈ।
ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਨੇ ਵਾਰ ਵਾਰ ਸੰਤਾਪ ਝੱਲੇ ਹਨ । ਨਸ਼ੇ ਨੂੰ ਖਾਸ ਤੌਰ ਤੇ ਪੰਜਾਬ ਵਿੱਚ ਵਗਦਾ ਛੇਵਾਂ ਦਰਿਆ ਕਿਹਾ ਗਿਆ ਹੈ। ਸਵਾਲ ਇਹ ਨਹੀਂ ਕਿ ਅਸਲੀ ਦੋਸ਼ੀ ਕੌਣ ਹੈ ਤੇ ਕੌਣ ਨਹੀਂ ਹੈ ਕਿਉਂਕਿ ਇਹ ਸਰਕਾਰਾਂ ਤੇ ਅਦਾਲਤਾਂ ਦੇ ਪੜਚੋਲ ਦਾ ਵਿਸ਼ਾ ਹੈ। ਪਰ ਇਹ ਸੱਚ ਹੈ ਕਿ ਜਿਨ੍ਹਾਂ ਮਾਵਾਂ ਜਾਂ ਫਿਰ ਅੋੌੇਰਤਾਂ ਦੇ ਨਸ਼ੇ ਦੇ ਕਾਰਨ ਘਰ ਉੱਜੜੇ ਉਨ੍ਹਾਂ ਤਾਂ ਘਾਟਾ ਕਦੇ ਵੀ ਨਾ ਪੂਰਾ ਹੋਣ ਵਾਲਾ ਹੀ ਹੈ।