ਮੈਕਸੀਕੋ ‘ਚ ਗੈਸ ਟੈਂਕਰ ਧਮਾਕਾ, 70 ਲੋਕ ਝੁਲਸੇ, ਮੌਤਾਂ ਦੀ ਵੀ ਖਬਰ

Global Team
3 Min Read

ਮੈਕਸੀਕੋ: ਬੁੱਧਵਾਰ ਨੂੰ ਮੈਕਸੀਕੋ ਸਿਟੀ ਦੀਆਂ ਸੜਕਾਂ ਅਚਾਨਕ ਹੋਏ ਧਮਾਕੇ ਨੇ ਲੋਕਾਂ ‘ਚ ਦਹਿਸ਼ਤ ਫੈਲਾ ਦਿੱਤੀ। ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਇੱਕ ਗੈਸ ਟੈਂਕਰ ਟਰੱਕ ਹਾਈਵੇਅ ‘ਤੇ ਪਲਟ ਗਿਆ ਅਤੇ ਇੱਕ ਜ਼ਬਰਦਸਤ ਧਮਾਕੇ ਨਾਲ ਫਟ ਗਿਆ। ਇਸ ਹਾਦਸੇ ਨੇ ਪੂਰੇ ਇਲਾਕੇ ਨੂੰ ਅੱਗ ਅਤੇ ਧੂੰਏਂ ਦੇ ਗੁਬਾਰ ਵਿੱਚ ਲਪੇਟ ਲਿਆ। ਇਸ ਭਿਆਨਕ ਘਟਨਾ ਵਿੱਚ 70 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 19 ਦੀ ਹਾਲਤ ਨਾਜ਼ੁਕ ਹੈ ਤੇ 3 ਲੋਕਾਂ ਦੀ ਮੌਤ ਹੋ ਗਈ।  ਮੈਕਸੀਕੋ ਸਿਟੀ ਦੀ ਮੇਅਰ ਕਲਾਰਾ ਬਰੂਗਾਡਾ ਨੇ ਇਸ ਨੂੰ ‘ਐਮਰਜੈਂਸੀ’ ਐਲਾਨ ਕਰ ਦਿੱਤਾ।

ਹਾਦਸੇ ਦੀ ਜਾਂਚ ਸ਼ੁਰੂ, 28 ਵਾਹਨ ਸੜੇ

ਮੇਅਰ ਨੇ ਦੱਸਿਆ ਕਿ ਧਮਾਕੇ ਕਾਰਨ 28 ਵਾਹਨ ਪੂਰੀ ਤਰ੍ਹਾਂ ਸੜ ਕੇ ਤਬਾਹ ਹੋ ਗਏ।  ਜ਼ਖਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ, ਹਾਈਵੇਅ ‘ਤੇ ਟੈਂਕਰ ਦੇ ਪਲਟਣ ਕਾਰਨ ਇਹ ਧਮਾਕਾ ਹੋਇਆ।

ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਅੱਗ ਦਾ ਇੱਕ ਵਿਸ਼ਾਲ ਗੁਬਾਰ ਅਸਮਾਨ ਵੱਲ ਉੱਠਦਾ ਦਿਖਾਈ ਦਿੰਦਾ ਹੈ। ਲੋਕ ਡਰ ਦੇ ਮਾਰੇ ਚੀਕਦੇ ਅਤੇ ਭੱਜਦੇ ਨਜ਼ਰ ਆ ਰਹੇ ਹਨ। ਇੱਕ ਵੀਡੀਓ ਵਿੱਚ ਦੋ ਵਿਅਕਤੀ ਪੂਰੀ ਤਰ੍ਹਾਂ ਸੜਦੇ ਦਿਖਾਈ ਦਿੱਤੇ, ਜਿਨ੍ਹਾਂ ਦੇ ਕੱਪੜੇ ਸਰੀਰ ਨਾਲ ਚਿਪਕ ਗਏ ਸਨ। ਇਹ ਦ੍ਰਿਸ਼ ਬਹੁਤ ਹੀ ਦਰਦਨਾਕ ਹਨ।

ਸਕੱਤਰ ਸੀਜ਼ਰ ਕ੍ਰਾਵੀਓਟੋ ਨੇ ਕਿਹਾ ਕਿ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਵਿੱਚ ਕਰ ਲਿਆ ਗਿਆ ਹੈ।  ਮੇਅਰ ਬਰੂਗਾਡਾ ਖੁਦ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਊ ਦਸਤਿਆਂ ਅਤੇ ਮੈਡੀਕਲ ਟੀਮਾਂ ਦੀ ਹੌਸਲਾ ਅਫਜ਼ਾਈ ਕੀਤੀ।

ਸੜਕ ਬੰਦ, ਸੁਰੱਖਿਆ ‘ਤੇ ਸਵਾਲ

ਅੱਗ ਬੁਝਾਊ ਦਸਤਿਆਂ ਨੇ ਲਗਾਤਾਰ ਕੋਸ਼ਿਸ਼ਾਂ ਕਰਕੇ ਅੱਗ ‘ਤੇ ਕਾਬੂ ਪਾਇਆ। ਇਹ ਧਮਾਕਾ ਮੈਕਸੀਕੋ ਸਿਟੀ ਨੂੰ ਪੁਏਬਲਾ ਨਾਲ ਜੋੜਨ ਵਾਲੇ ਹਾਈਵੇਅ ‘ਤੇ ਵਾਪਰਿਆ, ਜਿਸ ਕਾਰਨ ਸੜਕ ਕਈ ਘੰਟਿਆਂ ਤੱਕ ਬੰਦ ਰਹੀ ਅਤੇ ਆਵਾਜਾਈ ਰੁਕ ਗਈ। ਸ਼ਾਮ ਤੱਕ ਸੜਕ ਨੂੰ ਮੁੜ ਖੋਲ੍ਹ ਦਿੱਤਾ ਗਿਆ ਅਤੇ ਸਥਿਤੀ ਹੌਲੀ-ਹੌਲੀ ਸੁਧਰਨ ਲੱਗੀ। ਇਸ ਹਾਦਸੇ ਨੇ ਗੈਸ ਟੈਂਕਰਾਂ ਦੀ ਸੁਰੱਖਿਆ ਅਤੇ ਸੜਕੀ ਆਵਾਜਾਈ ਦੇ ਨਿਯਮਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment