ਚੰਡੀਗੜ੍ਹ: ਮਾਨਸਾ ਦੀ ਅਦਾਲਤ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‘ਤੇ ਆਧਾਰਿਤ ਬੀਬੀਸੀ ਚੈਨਲ ਵੱਲੋਂ ਬਣਾਈ ਗਈ ਦਸਤਾਵੇਜ਼ੀ ‘ਤੇ ਪਾਬੰਦੀ ਲਗਾਉਣ ਲਈ ਅਪੀਲ ਕੀਤੀ ਗਈ ਸੀ। ਬੀਤੇ ਦਿਨ ਬੀਬੀਸੀ ਨੇ ਐਲਾਨ ਕੀਤਾ ਕਿ ਉਹ ਸਿੱਧੂ ਦੇ ਜਨਮ ਦਿਨ ਵਾਲੇ ਦਿਨ ਇਕ ਦਸਤਾਵੇਜ਼ੀ ਫ਼ਿਲਮ ਰਿਲੀਜ਼ ਕਰੇਗੀ। ਇਸ ਐਲਾਨ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ‘ਤੇ ਇਤਰਾਜ਼ ਪ੍ਰਗਟ ਕੀਤਾ ਤੇ ਕਿਹਾ ਕਿ ਇਸ ਨਾਲ ਜਾਂਚ ਪ੍ਰਭਾਵਤ ਹੋ ਸਕਦੀ ਹੈ। ਉਹ ਆਪਣਾ ਇਹ ਇਤਰਾਜ਼ ਲੈ ਕੇ ਮਾਨਸਾ ਦੀ ਸਿਵਲ ਕੋਰਟ ਪਹੁੰਚੇ ਸਨ।
ਉਸ ਤੋਂ ਪਹਿਲਾਂ ਕਿ ਅਦਾਲਤ ਦਾ ਕੋਈ ਫ਼ੈਸਲਾ ਆਉਂਦਾ ਬੀਬੀਸੀ ਨੇ ਆਪਣੇ ਐਲਾਨ ਮੁਤਾਬਿਕ ਦਸਤਾਵੇਜ਼ੀ ਫ਼ਿਲਮ ਦੇ 2 ਭਾਗ ਰਿਲੀਜ਼ ਕਰ ਦਿੱਤੇ। ਜਿਸ ਵਿਚ ਗੋਲਡੀ ਬਰਾੜ ਦਾ ਕਬੂਲਨਾਮਾ ਵੀ ਸਪੱਸ਼ਟ ਸੁਣਾਈ ਦਿੰਦਾ ਹੈ। ਅੱਜ ਮਾਨਸਾ ਅਦਾਲਤ ਵਿਚ ਇਸ ਸਬੰਧੀ ਸੁਣਵਾਈ ਹੋਈ। ਜਿਥੇ ਅਦਾਲਤ ਨੇ ਬੀਬੀਸੀ ਤੋਂ ਜਵਾਬ ਮੰਗਿਆ ਹੈ ।
ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਐਡਵੋਕੇਟ ਸਤੇਂਦਰ ਪਾਲ ਸਿੰਘ ਮਿੱਤਲ ਪੇਸ਼ ਹੋਏ। ਅਦਾਲਤ ਵੱਲੋਂ ਨੋਟਿਸ ‘ਤੇ ਬੀਬੀਸੀ ਚੈਨਲ ਵੱਲੋਂ ਲਿਖਤੀ ਜਵਾਬ ਦੇਣ ਲਈ 16 ਜੂਨ ਦੀ ਤਾਰੀਕ ਨਿਰਧਾਰਤ ਕੀਤੀ ਗਈ ਹੈ। ਬੀਬੀਸੀ ਵੱਲੋਂ ਐਡਵੋਕੇਟ ਬਲਵੰਤ ਸਿੰਘ ਭਾਟੀਆ, ਐਡਵੋਕੇਟ ਗੁਰਦਾਸ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਬੀਬੀਸੀ ਵੱਲੋਂ ਬਣਾਈ ਗਈ ਦਸਤਾਵੇਜ਼ੀ ‘ਤੇ ਪਾਬੰਦੀ ਲਗਾਉਣ ਲਈ ਮਾਣਯੋਗ ਅਦਾਲਤ ਵਿੱਚ ਦਾਇਰ ਅਰਜ਼ੀ ‘ਤੇ ਅੱਜ ਸੁਣਵਾਈ ਹੋਈ ਅਤੇ ਅਸੀਂ ਮਾਣਯੋਗ ਅਦਾਲਤ ਨੂੰ ਇਸ ਦਾ ਜਵਾਬ ਦੇਣ ਦੀ ਅਪੀਲ ਕੀਤੀ ਹੈ, ਜਿਸ ਲਈ ਇਸ ਦਾ ਜਵਾਬ ਦੇਣ ਲਈ 16 ਜੂਨ ਦੀ ਤਾਰੀਖ਼ ਨਿਰਧਾਰਤ ਕੀਤੀ ਗਈ ਹੈ।