ਪਟਿਆਲਾ: ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੋਜਾਰਥਣ ਮਨਪ੍ਰੀਤ ਕੌਰ ਸਪੁੱਤਰੀ ਸਰਦਾਰ ਗਿਆਨ ਸਿੰਘ ਵਾਸੀ ਰਾਏਪੁਰ ਮੰਡਲਾਂ ਜ਼ਿਲ੍ਹਾ ਪਟਿਆਲਾ ਦਾ ਵਿਆਹ ਕਾਕਾ ਹਰਦੀਪ ਸਿੰਘ ਸਪੁੱਤਰ ਗੁਰਮੀਤ ਸਿੰਘ ਵਾਸੀ ਜਾਤੀਵਾਲ ਪਟਿਆਲਾ ਨਾਲ ਬਹਾਦਰਗੜ੍ਹ ਵਿਖੇ ਹੋਇਆ।ਇਸ ਵਿਆਹ ਦੀ ਖਾਸੀਅਤ ਇਹ ਸੀ ਕਿ ਵਿਆਹ ਮੌਕੇ ਲੜਕੀ ਮਨਪ੍ਰੀਤ ਕੌਰ ਵੱਲੋਂ ਆਪਣੀ ਪਲੇਠੀ ਕਿਤਾਬ ‘ਮਨ ਦੀ ਖੋਜ’ ਦੀ ਘੁੰਡ ਚੁਕਾਈ ਕੀਤੀ ਗਈ। ਇਹ ਕਿਤਾਬ ਗੁਰ ਗਿਆਨ ਇੰਸਟੀਚੂਟ ਫਾਰ ਹਿਊਮਨ ਕੰਨਸਰਨਜ਼, ਗੁਰਗਿਆਨ ਬੁੱਕਸ ਪਟਿਆਲਾ ਵੱਲੋਂ ਪਬਲਿਸ਼ ਕੀਤੀ ਗਈ ਹੈ।ਇਹ ਕਿਤਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਪ੍ਰੋਫੈਸਰ ਡਾ ਗੁਰਮੀਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਗਈ।
ਇਸ ਮੌਕੇ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਮੇਰੀ ਦਿਲੀ ਇੱਛਾ ਸੀ ਕਿ ਮੈਂ ਆਪਣਾ ਐਮ.ਫਿਲ ਦਾ ਥੀਸਿਜ਼ ਪੁਸਤਕ ਦੇ ਰੂਪ ਵਿੱਚ ਆਪਣੇ ਵਿਆਹ ਮੌਕੇ ਰਿਲੀਜ਼ ਕਰਾਂ ਜੋ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਪੂਰਾ ਹੋਇਆ ਹੈ, ਇਹ ਇੱਕ ਵੱਖਰੀ ਸੋਚ ਨੂੰ ਲੋਕਾਂ ਦੇ ਮਨਾਂ ਵਿੱਚ ਲਿਆਉਣ ਦਾ ਯਤਨ ਕੀਤਾ ਗਿਆ ਹੈ।ਦੁਨਿਆਵੀ ਦਾਜ ਨਾਲੋਂ ਇਹ ਦਾਜ ਭਾਵ ਮੇਰੀ ਪੜ੍ਹਾਈ ਅਤੇ ਇਸ ਦਾ ਪੁਸਤਕ ਰੂਪ ਮੇਰੇ ਲਈ ਵਡਮੁੱਲਾ ਤੋਹਫ਼ਾ ਹੈ। ਮੈਨੂੰ ਇਸ ਵਿੱਚ ਦ੍ਰਿੜ੍ਹ ਵਿਸ਼ਵਾਸ ਹੈ ਕਿ ਅਕਾਦਮਿਕ ਸਿੱਖਿਆ ਮੇਰੇ ਅਤੇ ਸਮਾਜ ਦੀ ਹਰ ਧੀ ਲਈ ਭਵਿੱਖ ਵਿੱਚ ਸਹਾਇਕ ਹੋਵੇਗੀ।
ਇਸ ਮੌਕੇ ਡਾ.ਗੁਰਮੀਤ ਸਿੰਘ ਸਿੱਧੂ ਨੇ ਨਵਵਿਆਹੇ ਜੋੜੇ ਨੂੰ ਵਧਾਈ ਦਿੰਦਿਆਂ ਕਿਹਾ ਇਸ ਵਿਆਹ ਨੇ ਸਮਾਜ ਵਿੱਚ ਇੱਕ ਵਿਲੱਖਣ ਕਿਸਮ ਦੀ ਪਿਰਤ ਪਾਉਣ ਦਾ ਯਤਨ ਕੀਤਾ ਹੈ ਜੋ ਸਮਾਜ ਵਿੱਚ ਇੱਕ ਸਾਰਥਿਕ ਹਲੂਣੇ ਦਾ ਕਾਰਜ ਕਰੇਗਾ। ਡਾ. ਸਿੱਧੂ ਨੇ ਕਿਹਾ ਕਿ ਵਿਆਹ ਇੱਕ ਧਾਰਮਿਕ ਰੀਤੀ ਰਿਵਾਜ ਹੈ ਜਿਸ ਦੀ ਅਜੋਕੇ ਦੌਰ ਵਿੱਚ ਸ਼ੋਸ਼ੇਬਾਜ਼ੀ ਤੇ ਮਹਿੰਗੇ ਪੈਲੇਸਾਂ ਦੇ ਖਰਚਿਆਂ ਨਾਲ ਵਿਆਹ ਸਮਾਗਮਾਂ ਦੀ ਛਵੀ ਵਿਗੜ ਰਹੀ ਹੈ ਜਿਸ ਦੇ ਸਿੱਟੇ ਵਜੋਂ ਅਸੀਂ ਮਾਨਸਿਕ ਤੇ ਆਰਥਿਕ ਪੱਖੋਂ ਟੁੱਟ ਰਹੇ ਹਾਂ,ਸੋ ਉਨ੍ਹਾਂ ਨੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਸ਼ਾਦੇ ਤੇ ਸੰਸਕਾਰੀ ਵਿਆਹ ਕਰਾਉਣ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ‘ਮਨ ਦੀ ਖੋਜ’ ਕਿਤਾਬ ਵਿੱਚ ਮਨ ਦੇ ਸੰਕਲਪ ਅਤੇ ਸਿਧਾਂਤ, ਗੁਰਮਤਿ ਵਿੱਚ ਮਨ ਦਾ ਸੰਕਲਪ ਅਤੇ ਸਿਧਾਂਤ ,ਮਨ ਦੇ ਵਿਭਿੰਨ ਪੱਖ ਅਤੇ ਗੁਰਮਤਿ, ਭਗਤ ਕਬੀਰ ਜੀ ਦੇ ਸਲੋਕਾਂ ਵਿੱਚ ਮਨ ਦਾ ਸਰੂਪ ਆਦਿ ਵਿਸ਼ਿਆਂ ਬਾਰੇ ਵਿਸਥਾਰ ਪੂਰਵਕ ਗੱਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਮੌਕੇ ਵਿਲੱਖਣ ਵਿਆਹ ਕਰਵਾਉਣ ਵਾਲੇ ਜਗਜੀਤ ਸਿੰਘ ਪੰਜੋਲੀ ਤੇ ਬੀਬਾ ਦਵਿੰਦਰ ਕੌਰ ਪੰਜੋਲੀ ਵੀ ਹਾਜ਼ਰ ਸਨ ਜਿਨ੍ਹਾਂ ਨੇ ਸਾਦਾ ਵਿਆਹ ਕਰਵਾ ਕੇ, ਉਪਰੰਤ ਅੱਖਾਂ ਦਾਨ ਕਰਨ ਦਾ ਫਾਰਮ ਭਰਿਆ ਸੀ ਜੋ ਆਪਣੇ ਆਪ ਵਿੱਚ ਇੱਕ ਪ੍ਰੇਰਨਾਦਾਇਕ ਵਿਆਹ ਸੀ ,ਬੀਬਾ ਮਨਪ੍ਰੀਤ ਕੌਰ ਉਸ ਵਿਆਹ ਤੋਂ ਵੀ ਬੜੀ ਪ੍ਰਭਾਵਿਤ ਸੀ ਜਿਸ ਬਦੌਲਤ ਉਹ ਵੀ ਨਿਵੇਕਲੀ ਕਿਸਮ ਦਾ ਵਿਆਹ ਕਰਵਾਉਣ ਦੀ ਇੱਛਕ ਸੀ, ਬੀਬਾ ਮਨਪ੍ਰੀਤ ਕੌਰ ਅਤੇ ਜਗਜੀਤ ਸਿੰਘ ਪੰਜੋਲੀ ਐੱਮ ਫਿੱਲ ਦੇ ਕਲਾਸਮੇਟ ਖੋਜਾਰਥੀ ਹਨ, ਦੋਵਾਂ ਨੇ ਹੀ ਆਪੋ ਆਪਣੇ ਵਿਆਹਾਂ ਵਿੱਚ ਸਮਾਜ ਨੂੰ ਇੱਕ ਵੱਖਰੀ ਸੇਧ ਦੇਣ ਦਾ ਯਤਨ ਕੀਤਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਸ਼ੁਭਕਰਨ ਸਿੰਘ, ਡਾ.ਪ੍ਰਦੀਪ ਕੌਰ, ਰਿਸਰਚ ਸਕਾਲਰ ਰੁਪਿੰਦਰ ਕੌਰ, ਜਗਸੀਰ ਸਿੰਘ, ਰਸ਼ਵਿੰਦਰ ਸਿੰਘ, ਹਰਦੀਪ ਸਿੰਘ, ਹਰਮੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।