ਸਰਕਾਰੀ ਡਾਇਰੀ ‘ਤੇ ਮੁੱਖ ਮੰਤਰੀ ਮਾਨ ਦੀ ਲੱਗੀ ਫੋਟੋ ਨੂੰ ਲੈ ਕੇ ਵਿਰੋਧੀਆਂ ਨੇ ਚੁੱਕੇ ਸਵਾਲ

Global Team
2 Min Read

ਚੰਡੀਗੜ੍ਹ: ਹਰ ਸਾਲ ਜਾਰੀ ਹੋਣ ਵਾਲੀ ਸਰਕਾਰੀ ਡਾਇਰੀ ‘ਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਕਰ ਦਿੱਤੇ ਹਨ। ਸਰਕਾਰੀ ਡਾਇਰੀ ‘ਤੇ ਪੰਜਾਬ ਸਰਕਾਰ ਦਾ ਲੋਗੋ ਹੁੰਦਾ ਸੀ ਪਰ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਫੋਟੋ ਵਾਲੀ ਡਾਇਰੀ ਜਾਰੀ ਕੀਤੀ ਹੈ। ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ।

ਇਸ ਨੂੰ ਲੈ ਕੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ. ‘ਭਗਵੰਤ ਮਾਨ ਜੋ ਰਾਸ਼ਨ ਕਾਰਡ, ਸਾਈਕਲ ਐਂਬੂਲੈਂਸ ਆਦਿ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਲੱਗੀਆਂ ਫੋਟੋਆਂ ਨੂੰ ਲੈ ਕੇ ਕਾਮੇਡੀ ਕਰਦੇ ਸਨ। ਹੁਣ ਉਹ ਆਪ ਵੀ ਉਸੇ ਰਾਹ ਤੁਰ ਪਏ ਹਨ। ਭਗਵੰਤ ਮਾਨ ਨੇ ਘਟੀਆਪਨ ਦੇ ਮਾਮਲੇ ‘ਚ ਦੋਵਾਂ ਦੇ ਰਿਕਾਰਡ ਤੋੜ ਦਿੱਤੇ ਹਨ। ਰੰਗ ਬਦਲਦਾ ਹੋਇਆ ਸਿਆਸਤਦਾਨ।’

ਦੱਸਣਯੋਗ ਹੈ ਕ ਜਦੋਂ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਨੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਸਨ ਕਿ ਦਫ਼ਤਰਾਂ ਵਿੱਚ ਕੋਈ ਵੀ ਉਨ੍ਹਾਂ ਦੀ ਫੋਟੋ ਨਹੀਂ ਲਗਾਵੇਗਾ। ਸਰਕਾਰੀ ਦਫ਼ਤਰਾਂ ਵਿੱਚ ਸਿਰਫ਼ ਦੋ ਫੋਟੋਆਂ ਹੀ ਲੱਗਣਗੀਆਂ। ਇੱਕ ਫੋਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਅਤੇ ਦੂਜੀ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ ਹੋਵੇਗੀ ਪਰ ਹੁਣ ਇਹ ਫੋਟੋ ਉਸ ਡਾਇਰੀ ‘ਤੇ ਲਗਾ ਦਿੱਤੀ ਗਈ ਹੈ ਜੋ ਹਮੇਸ਼ਾ ਅਧਿਕਾਰੀਆਂ ਦੇ ਸਾਹਮਣੇ ਮੇਜ਼ ‘ਤੇ ਪਈ ਹੁੰਦੀ ਹੈ।

Share This Article
Leave a Comment