ਨਵੀਂ ਦਿੱਲੀ :- ਪੀਐੱਮ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਅੱਜ ਮੈਂ ਤੁਹਾਡੇ ਨਾਲ ਮਨ ਕੀ ਬਾਤ ਇਕ ਅਜਿਹੇ ਸਮੇਂ ਕਰ ਰਿਹਾ ਹਾਂ ਜਦੋਂ ਕੋਰੋਨਾ ਵਾਇਰਸ ਸਾਡੇ ਸਾਰਿਆਂ ਦੇ ਸਬਰ, ਸਾਡੇ ਸਾਰਿਆਂ ਦੇ ਦੁੱਖ ਬਰਦਾਸ਼ਤ ਕਰਨ ਦੀ ਪ੍ਰੀਖਿਆ ਲੈ ਰਿਹਾ ਹੈ। ਪੀਐੱਮ ਮੋਦੀ ਨੇ ਕਿਹਾ ਕਿ Covid19 ਦੀ ਪਹਿਲੀ ਲਹਿਰ ਨਾਲ ਸਫ਼ਲਤਾਪੂਰਵਕ ਨਿਪਟਣ ਤੋਂ ਬਾਅਦ ਦੇਸ਼ ਦਾ ਮਨੋਬਲ ਉੱਚਾ ਸੀ, ਪਰ ਇਸ ਤੂਫ਼ਾਨ ਨੇ ਦੇਸ਼ ਨੂੰ ਹਿਲਾ ਦਿੱਤਾ ਹੈ। Covid ਦੀ ਇਸ ਲਹਿਰ ਨਾਲ ਨਿਪਟਣ ਲਈ ਮੈਂ ਕਈ ਸੈਕਟਰਾਂ ਜਿਵੇਂ ਫਾਰਮਾ ਉਦਯੋਗ, ਆਕਸੀਜਨ ਉਤਪਾਦਨ ਆਦਿ ਦੇ ਮਾਹਿਰਾਂ ਨਾਲ ਬੈਠਕਾਂ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਮੌਜੂਦਾ ਕੋਵਿਡ ਸਬੰਧੀ ਹਾਲਾਤ ਨਾਲ ਨਜਿੱਠਣ ਲਈ ਸੂਬਾ ਸਰਕਾਰਾਂ ਦੇ ਯਤਨਾਂ ਨੂੰ ਅੱਗੇ ਵਧਾਉਣ ਲਈ ਸਮਰਪਿਤ ਹੈ। ਪੀਐੱਮ ਮੋਦੀ ਨੇ ਕਿਹਾ ਕਿ ਕਈ ਡਾਕਟਰ ਕੋਵਿਡ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਸੋਸ਼ਲ ਮੀਡੀਆ ‘ਤੇ ਸਲਾਹ ਵੀ ਦੇ ਰਹੇ ਹਨ। ਪੀਐੱਮ ਮੋਦੀ ਨੇ ਕਿਹਾ ਕਿ ਮੁਫ਼ਤ ਵੈਕਸੀਨ ਦਾ ਪ੍ਰੋਗਰਾਮ ਅੱਗੇ ਵੀ ਜਾਰੀ ਰਹੇਗਾ। ਮੇਰੀ ਸੂਬਿਆਂ ਨੂੰ ਵੀ ਅਪੀਲ ਹੈ ਕਿ ਉਹ ਭਾਰਤ ਸਰਕਾਰ ਦੀ ਇਸ ਮੁਫ਼ਤ ਵੈਕਸੀਨ ਮੁਹਿੰਮ ਦਾ ਲਾਭ ਆਪਣੇ ਸੂਬਿਆਂ ਦੇ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ।
ਇਸਤੋਂ ਇਲਾਵਾ ਪੀਐੱਮ ਮੋਦੀ ਨੇ ਕਿਹਾ ਕਿ ਇਸ ਵੇਲੇ ਇਸ ਲੜਾਈ ਨੂੰ ਜਿੱਤਣ ਲਈ ਤਜਰਬੇਕਾਰ ਤੇ ਵਿਗਿਆਨਕ ਸਲਾਹ ਨੂੰ ਤਰਜੀਹ ਦੇਣੀ ਹੈ। ਇਸ ਦੇ ਨਾਲ ਹੀ ਪੀਐੱਮ ਮੋਦੀ ਨੇ ਕਿਹਾ ਕਿ ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤਾਂ ਸਹੀ ਸ੍ਰੋਤ ਤੋਂ ਹੀ ਜਾਣਕਾਰੀ ਲਓ। ਤੁਹਾਡਾ ਜਿਹੜਾ ਫੈਮਿਲੀ ਡਾਕਟਰ ਹੋਵੇ, ਆਸ-ਪਾਸ ਦੇ ਡਾਕਟਰ ਹੋਣ, ਤੁਸੀਂ ਉਨ੍ਹਾਂ ਨਾਲ ਫੋਨ ‘ਤੇ ਰਾਬਤਾ ਕਰ ਕੇ ਸਲਾਹ ਲਓ।
ਪੀਐੱਮ ਮੋਦੀ ਨੇ ਰਾਏਪੁਰ ‘ਚ ਤਾਇਨਾਤ ਨਰਸ ਭਾਵਨਾ ਤੇ ਬੈਂਗਲੁਰੂ ‘ਚ ਤਾਇਨਾਤ ਸਿਸਟਰ ਸੁਰੇਖਾ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਤਜਰਬੇ ਨੂੰ ਜਾਣਿਆ। ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਕੋਰੋਨਾ ਸਬੰਧੀ ਮੁੰਬਈ ਦੇ ਡਾ. ਸ਼ਸ਼ਾਂਕ ਤੇ ਸ੍ਰੀਨਗਰ ਦੇ ਡਾ. ਨਾਵੀਦ ਨਾਲ ਵੀ ਗੱਲਬਾਤ ਕੀਤੀ। ਪੀਐੱਮ ਮੋਦੀ ਨੇ ਐਂਬੂਲੈਂਸ ਡਰਾਈਵਰ ਪ੍ਰੇਮ ਵਰਮਾ ਨਾਲ ਗੱਲਬਾਤ ਕੀਤੀ। ਕੋਰੋਨਾ ਤੋਂ ਠੀਕ ਹੋਣ ਵਾਲੀ ਗੁਰੂਗ੍ਰਾਮ ਦੀ ਪ੍ਰੀਤੀ ਚਤੁਰਵੇਦੀ ਨਾਲ ਵੀ ਗੱਲਬਾਤ ਕੀਤੀ।
ਗੱਲਬਾਤ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਜਿਵੇਂ ਅੱਜ ਸਾਡੇ Medical Field ਦੇ ਲੋਕ, Frontline Workers ਦਿਨ-ਰਾਤ ਸੇਵਾ ਕਾਰਜਾਂ ‘ਚ ਲੱਗੇ ਹਨ। ਉਂਝ ਹੀ ਸਮਾਜ ਦੇ ਹੋਰ ਲੋਕ ਵੀ, ਇਸ ਵੇਲੇ, ਪਿੱਛੇ ਨਹੀਂ ਹਨ। ਦੇਸ਼ ਇਕ ਵਾਰ ਫਿਰ ਇਕਜੁੱਟ ਹੋ ਕੇ ਕੋਰੋਨਾ ਖ਼ਿਲਾਫ਼ ਲੜਾਈ ਲੜ ਰਿਹਾ ਹੈ।
ਨਾਲ ਹੀ ਪੀਐੱਮ ਮੋਦੀ ਨੇ ਨਾਲ ਹੀ ਕਿਹਾ ਕਿ ਇਸ ਵਾਰ ਪਿੰਡਾਂ ‘ਚ ਵੀ ਨਵੀਂ ਜਾਗਰੂਕਤਾ ਦੇਖੀ ਜਾ ਰਹੀ ਹੈ। ਕੋਵਿਡ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਲੋਕ ਆਪਣੇ ਪਿੰਡ ਦੀ ਕੋਰੋਨਾ ਤੋਂ ਰੱਖਿਆ ਕਰ ਰਹੇ ਹਨ, ਜੋ ਲੋਕ ਬਾਹਰੋਂ ਆ ਰਹੇ ਹਨ ਉਨ੍ਹਾਂ ਲਈ ਢੁਕਵੇਂ ਇੰਤਜ਼ਾਮ ਕੀਤੇ ਜਾ ਰਹੇ ਹਨ।