ਬਰਨਾਲਾ: ਜ਼ਿਲ੍ਹਾ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਿਸਾਨ ਆਗੂ ਮਨਜੀਤ ਧਨੇਰ ਨੂੰ ਬੀਤੀ ਸ਼ਾਮ ਰਹਾਅ ਕਰ ਦਿੱਤਾ ਗਿਆ। ਰਾਜਪਾਲ ਪੰਜਾਬ ਵੀਪੀ.ਸਿੰਘ ਬਦਨੌਰ ਦੀ ਪ੍ਰਵਾਨਗੀ ਤੋਂ ਬਾਅਦ ਬੀਤੀ ਦੇਰ ਸ਼ਾਮ ਹੀ ਜੇਲ੍ਹ ‘ਚੋਂ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ।
ਤੁਹਾਨੂੰ ਦੱਸ ਦਈਏ ਕਿ ਧਨੇਰ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਬਰਨਾਲਾ ਦੀ ਸਬ ਜੇਲ੍ਹ ਵਿੱਚ ਬੰਦ ਸਨ ਤੇ ਖੱਬੇ ਪੱਖੀ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਬਰਨਾਲਾ ਜੇਲ੍ਹ ਦੇ ਸਾਹਮਣੇ ਪੱਕਾ ਮੋਰਚਾ ਲਾ ਕੇ ਧਨੇਰ ਦੀ ਰਿਹਾਈ ਲਈ ਸੰਘਰਸ਼ ਭਖਾਇਆ ਹੋਇਆ ਸੀ।
ਰਿਹਾਈ ਦੇ ਆਰਡਰ ਦੀ ਖਬਰ ਆਉਂਦੇ ਹੀ 46 ਦਿਨ ਤੋਂ ਚੱਲ ਰਹੇ ਧਰਨੇ ਵਿੱਚ ਵੀਰਵਾਰ ਨੂੰ ਲਗਭਗ 10 ਹਜ਼ਾਰ ਲੋਕ ਪੁੱਜੇ। ਸ਼ਾਮ 6 ਵਜੇ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਦੀ ਕਾਪੀ ਨਾ ਮਿਲਣ ਤੇ ਧਨੇਰ ਨੂੰ ਸਵੇਰੇ ਛੱਡਣ ਦੀ ਗੱਲ ਕਹੀ। ਪਰ ਦੇਰ ਸ਼ਾਮ ਲਗਭਗ ੮ ਕੁ ਵਜੇ ਪ੍ਰਸ਼ਾਸਨ ਦਾ ਸੁਨੇਹਾ ਆਇਆ ਕਿ ਜੇਲ੍ਹ ਪ੍ਰਸ਼ਾਸਨ ਇੱਕ ਘੰਟੇ ਦੇ ਅੰਦਰ ਮਨਜੀਤ ਧਨੇਰ ਨੂੰ ਰਿਹਾਅ ਕਰ ਰਿਹਾ ਹੈ ।