ਚਰਨਜੀਤ ਚੰਨੀ ਨੂੰ ‘ਮੀ-ਟੂ’ ਮਾਮਲੇ ‘ਤੇ ਘੇਰਨ ਵਾਲੀ ਮਨੀਸ਼ਾ ਗੁਲਾਟੀ ਨੇ ਸੀਐੱਮ ਬਣਨ ‘ਤੇ ਦਿੱਤੀਆਂ ਵਧਾਈਆਂ

TeamGlobalPunjab
2 Min Read

ਚੰਡੀਗੜ੍ਹ: ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਵਲੋਂ ਜਿਥੇ ਬੀਤੇ ਦਿਨੀਂ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਸਤੀਫ਼ਾ ਮੰਗਿਆ ਗਿਆ। ਉੱਥੇ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ‘ਤੇ ਚਰਨਜੀਤ ਸਿੰਘ ਚੰਨੀ ਨੂੰ ਵਧਾਈਆਂ ਦਿੱਤੀਆਂ ਹਨ।

ਰੇਖਾ ਸ਼ਰਮਾ ਨੇ ਚੰਨੀ ਖਿਲਾਫ਼ ‘ਮੀ-ਟੂ’ ਮੁਹਿੰਮ ਤਹਿਤ ਦੋਸ਼ ਲਗਾਉਂਦਿਆਂ ਅਸਤੀਫ਼ੇ ਦੀ ਮੰਗ ਕੀਤੀ ਹੈ। ਉੱਥੇ ਹੀ ਇਹ ਵੀ ਦੱਸਣਯੋਗ ਹੈ ਕਿ ਮਨੀਸ਼ਾ ਗੁਲਾਟੀ ਨੇ ‘ਮੀ-ਟੂ’ ਮਾਮਲੇ ‘ਚ ਚੰਨੀ ਖਿਲਾਫ ਕਾਰਵਾਈ ਲਈ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ। ਮਨੀਸ਼ਾ ਗੁਲਾਟੀ ਨੇ ਕਾਰਵਾਈ ਨਾਂ ਹੋਣ ‘ਤੇ ਧਰਨੇ ‘ਤੇ ਬੈਠਣ ਦੀ ਵੀ ਚਿਤਾਵਨੀ ਦਿੱਤੀ ਸੀ, ਪਰ ਚੰਨੀ ਦੇ ਮੁੱਖ ਮੰਤਰੀ ਬਣਨ ‘ਤੇ ਮਨੀਸ਼ਾ ਗੁਲਾਟੀ ਵਲੋਂ ਵਧਾਈਆਂ ਦੇਣਾ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।

ਮਨੀਸ਼ਾ ਗੁਲਾਟੀ ਨੇ ਟਵੀਟ ਕਰਕੇ ਲਿਖਿਆ, ‘ਨਵੀਂ ਜ਼ਿੰਮੇਵਾਰੀ ਲਈ ਬਹੁਤ ਬਹੁਤ ਵਧਾਈਆਂ ਤੇ ਸ਼ੁਭਕਾਮਨਾਵਾਂ। ‘

ਉੱਥੇ ਹੀ ਰੇਖਾ ਸ਼ਰਮਾ ਨੇ ਬੀਤੇ ਦਿਨੀਂ ਕਿਹਾ ਸੀ ਕਿ, ‘‘ਇੱਕ ਇਹੋ ਜਿਹੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਲਗਾਇਆ ਜਾਣਾ ਸ਼ਰਮਨਾਕ ਤੇ ਕਾਫੀ ਇਤਰਾਜ਼ਯੋਗ ਹੈ। ਅਸੀਂ ਨਹੀਂ ਚਾਹੁੰਦੇ ਕਿ ਫਿਰ ਤੋਂ ਕਿਸੇ ਔਰਤ ਨੂੰ ਉਹੀ ਸਭ ਕੁੱਝ ਸਹਿਣ ਕਰਨਾ ਪਵੇ ਅਤੇ ਉਹੀ ਪ੍ਰੇਸ਼ਾਨੀ ਝੱਲਣੀ ਪਵੇ ਜੋ ਕਿ ਪਹਿਲਾਂ ਇੱਕ ਆਈਏਐੱਸ ਅਧਿਕਾਰੀ ਨੇ ਝੱਲੀ ਸੀ।’’ ਉਨ੍ਹਾਂ ਕਿਹਾ ਕਿ ਚੰਨੀ ਨੂੰ ਉਨ੍ਹਾਂ ਦੋਸ਼ਾਂ ਪ੍ਰਤੀ ਜਵਾਬਦੇਹ ਹੁੰਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

Share This Article
Leave a Comment