ਨਵੀਂ ਦਿੱਲੀ: ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਦੋ ਮੰਤਰੀਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਮੁੱਖ ਮੰਤਰੀ ਕੇਜਰੀਵਾਲ ਨੇ ਵੀ ਦੋਵਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਅਸਤੀਫਾ ਦੇਣ ਵਾਲੇ ਦੋਵੇਂ ਆਗੂ ਵੱਖ-ਵੱਖ ਮਾਮਲਿਆਂ ‘ਚ ਦੋਸ਼ੀ ਹਨ।
ਮਨੀਸ਼ ਸਿਸੋਦੀਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਸਭ ਤੋਂ ਵੱਡੇ ਨੇਤਾ ਹਨ। ਉਨ੍ਹਾਂ ਕੋਲ ਦਿੱਲੀ ਸਰਕਾਰ ਦੇ ਕੁੱਲ 33 ਵਿਭਾਗਾਂ ਵਿੱਚੋਂ 18 ਵਿਭਾਗ ਹਨ। ਸਿਸੋਦੀਆ ਦੀ ਗ੍ਰਿਫਤਾਰੀ ਅਤੇ ਅਸਤੀਫੇ ਤੋਂ ਬਾਅਦ ‘ਆਪ’ ਸਰਕਾਰ ਦੇ ਸਾਹਮਣੇ ਸਮੱਸਿਆ ਇਹ ਹੈ ਕਿ ਉਨ੍ਹਾਂ ਦਾ ਕੰਮ ਕੌਣ ਸੰਭਾਲੇਗਾ?
ਸਿਸੋਦੀਆ ਕੋਲ ਸਿੱਖਿਆ, ਲੋਕ ਨਿਰਮਾਣ, ਵਿੱਤ, ਆਬਕਾਰੀ, ਊਰਜਾ, ਪਾਣੀ, ਸਿਹਤ ਵਰਗੇ ਸਭ ਤੋਂ ਮਹੱਤਵਪੂਰਨ ਵਿਭਾਗ ਸਨ। ਜਦੋਂਕਿ ਸਤੇਂਦਰ ਜੈਨ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਬੰਦ ਹਨ। ਸਿਸੋਦੀਆ ਆਪਣੇ ਵਿਭਾਗਾਂ ਦੇ ਨਾਲ-ਨਾਲ ਸਤੇਂਦਰ ਜੈਨ ਦੇ ਵਿਭਾਗਾਂ ਦਾ ਕੰਮ ਵੀ ਦੇਖ ਰਹੇ ਸਨ।
ਇਸ ਦੇ ਨਾਲ ਹੀ ਦਿੱਲੀ ਦੇ ਸਿਹਤ ਮੰਤਰੀ ਰਹਿ ਚੁੱਕੇ ਸਤੇਂਦਰ ਜੈਨ ‘ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਦਾਇਰ ਚਾਰਜਸ਼ੀਟ ਦੇ ਅਨੁਸਾਰ, ਜੈਨ ‘ਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ ਹੈ। ਸਤੇਂਦਰ ਜੈਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਾਸ ਦੱਸੇ ਜਾਂਦੇ ਹਨ।
ਇਸ ਤੋਂ ਪਹਿਲਾਂ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਗ੍ਰਿਫਤਾਰ ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਉਸ ਨੂੰ ਜ਼ਮਾਨਤ ਲਈ ਪਹਿਲਾਂ ਹਾਈ ਕੋਰਟ ਜਾਣ ਦੀ ਸਲਾਹ ਦਿੱਤੀ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹ ਸਿਸੋਦੀਆ ਦੀ ਜ਼ਮਾਨਤ ਲਈ ਹਾਈ ਕੋਰਟ ਤੱਕ ਪਹੁੰਚ ਕਰੇਗੀ। ਸਿਸੋਦੀਆ ਫਿਲਹਾਲ 4 ਮਾਰਚ ਤੱਕ ਸੀਬੀਆਈ ਰਿਮਾਂਡ ‘ਤੇ ਹਨ।