ਢਾਕਾ: ਬੰਗਲਾਦੇਸ਼ ਵਿੱਚ ਇੱਕ ਸਨਕੀ ਪਤੀ ਨੇ ਆਪਣੀ ਪਤਨੀ ਦਾ ਜ਼ਬਰਦਸਤੀ ਸਿਰ ਮੁੰਨ ਦਿੱਤਾ। ਸਿਰਫ ਇਸ ਲਈ ਕਿਉਂਕਿ ਜਦੋਂ ਉਹ ਸਵੇਰ ਦਾ ਨਾਸ਼ਤਾ ਕਰ ਰਿਹਾ ਸੀ ਤਾਂ ਉਸਨੂੰ ਖਾਣੇ ਵਿੱਚ ਇੱਕ ਬਾਲ ਮਿਲਿਆ। ਹਾਲਾਂਕਿ ਬਾਅਦ ਵਿੱਚ ਸ਼ਿਕਾਇਤ ਹੋਣ ਉੱਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਇਹ ਮਾਮਲਾ ਬੰਗਲਾਦੇਸ਼ ‘ਚ ਜੋਇਪੁਰਹਾਟ ਜ਼ਿਲ੍ਹੇ ਦੇ ਇੱਕ ਪਿੰਡ ਦਾ ਹੈ। ਪਿੰਡ ਵਾਸੀਆਂ ਅਨੁਸਾਰ ਸੋਮਵਾਰ ਸਵੇਰੇ 35 ਸਾਲਾ ਬਬਲੂ ਮੰਡਲ ਨੂੰ ਉਸ ਦੀ ਪਤਨੀ ਨੇ ਨਾਸ਼ਤੇ ‘ਚ ਚਾਵਲ ਤੇ ਦੁੱਧ ਦਿੱਤਾ ਤੇ ਉਸਨੂੰ ਇਸ ਨਾਸ਼ਤੇ ‘ਚ ਇਨਸਾਨੀ ਬਾਲ ਮਿਲਿਆ। ਇਸ ਤੋਂ ਨਾਰਾਜ਼ ਬਬਲੂ ਨੇ ਆਪਣੀ ਪਤਨੀ ਦੇ ਵਾਲ ਜ਼ਬਰਦਸਤੀ ਮੁੰਨ ਦਿੱਤੇ। ਜ਼ਿਲ੍ਹੇ ਦੇ ਪੁਲਿਸ ਪ੍ਰਧਾਨ ਸ਼ਹਿਰਯਾਰ ਖਾਨ ਨੇ ਦੱਸਿਆ ਕਿ ਪਿੰਡ ਵਾਲਿਆਂ ਦੀ ਸ਼ਿਕਾਇਤ ‘ਤੇ ਬਬਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਅਨੁਸਾਰ, ਜਿਵੇਂ ਹੀ ਬਬਲੂ ਨੇ ਆਪਣੇ ਨਾਸ਼ਤੇ ਵਿੱਚ ਵਾਲ ਵੇਖੇ ਉਸ ਨੇ ਇਸਦਾ ਦੋਸ਼ ਆਪਣੀ ਪਤਨੀ ‘ਤੇ ਮੜ੍ਹ ਦਿੱਤਾ। ਇਸ ਤੋਂ ਬਾਅਦ ਉਹ ਬਲੇਡ ਲੈ ਕੇ ਆਇਆ ਤੇ ਉਸ ਨੇ ਆਪਣੀ ਪਤਨੀ ਦਾ ਜਬਰੀ ਮੁੰਡਨ ਕਰ ਦਿੱਤਾ ਇਸ ਦੇ ਲਈ ਉਸ ਨੂੰ 14 ਸਾਲ ਦੀ ਸਜ਼ਾ ਹੋ ਸਕਦੀ ਹੈ।
ਉੱਥੇ ਹੀ ਬੰਗਲਾਦੇਸ਼ ਵਿੱਚ ਔਰਤਾਂ ਦੇ ਖਿਲਾਫ ਹਿੰਸਾ ਵਧਣ ਵਾਰੇ ਮਹਿਲਾ ਅਧਿਕਾਰ ਸਮੂਹਾਂ ਨੇ ਇਸ ਘਟਨਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾ ਬੰਗਲਾਦੇਸ਼ ਵਿੱਚ ਔਰਤਾਂ ‘ਤੇ ਵੱਧ ਰਹੇ ਅੱਤਿਆਚਾਰ ਬਿਆਨ ਕਰਦਾ ਹੈ।