ਲੰਦਨ: ਪੱਛਮੀ ਲੰਦਨ ‘ਚ ਬੀਤੇ ਸਾਲ ਅਪ੍ਰੈਲ ਮਹੀਨੇ ਕਤਲ ਹੋਏ ਪੰਜਾਬੀ ਮੂਲ ਦੇ 37 ਸਾਲਾ ਬਲਜੀਤ ਸਿੰਘ ਦੇ ਕਤਲ ਮਾਮਲੇ ‘ਚ ਮਨਪ੍ਰੀਤ ਸਿੰਘ ਨੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 21 ਸਾਲਾ ਮਨਪ੍ਰੀਤ ਸਿੰਘ ਹਮਲੇ ਤੋਂ ਕੁਝ ਹਫਤੇ ਪਹਿਲਾਂ ਹੀ ਇਕ ਹੋਰ ਦੋਸਤ ਰਾਹੀਂ ਬਲਜੀਤ ਨੂੰ ਮਿਲਿਆ ਸੀ ਜਦੋਂ ਉਹ ਬ੍ਰਮਿੰਘਮ ਤੋਂ ਲੰਦਨ ਆਇਆ ਸੀ।
ਮਨਪ੍ਰੀਤ ਸ਼ਰਾਬ ਪੀਣ ਦਾ ਆਦੀ ਸੀ ਤੇ ਆਪਣੇ ਦੋਸਤ ਨਾਲ ਸੜਕਾਂ ‘ਤੇ ਰਹਿ ਰਿਹਾ ਸੀ। 25 ਅਪ੍ਰੈਲ 2020 ਦੀ ਸ਼ਾਮ ਨੂੰ ਤਿੰਨਾ ਨੇ ਇਕੱਠੇ ਸ਼ਰਾਬ ਪੀਤੀ ਸੀ ਤੇ ਸੀ.ਸੀ.ਟੀ.ਵੀ. ਫੁਟੇਜ ‘ਚ ਉਨ੍ਹਾਂ ਤਿੰਨਾਂ ਨੂੰ ਇਕੱਠੇ ਵੇਖਿਆ ਗਿਆ। ਮਨਪ੍ਰੀਤ ਸਿੰਘ ਅਤੇ ਬਲਜੀਤ ਸਟੇਸ਼ਨ ਰੋਡ ਦੀ ਇੱਕ ਗਲੀ ‘ਚ ਦਾਖਲ ਹੋਏ, ਜਿੱਥੇ ਮਨਪ੍ਰੀਤ ਨੇ ਉਸ ‘ਤੇ ਜਾਨਲੇਵਾ ਹਮਲਾ ਕੀਤਾ।

ਬਲਜੀਤ ਨੂੰ ਜ਼ਖਮੀ ਹਾਲਤ ‘ਚ ਵੇਖ ਕੇ ਰਾਹਗੀਰ ਨੇ ਲੰਦਨ ਐਂਬੂਲੈਂਸ ਨੂੰ ਬੁਲਾਇਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪੋਸਟਮਾਰਟਮ ਜਾਂਚ ‘ਚ ਪਾਇਆ ਗਿਆ ਕਿ ਬਲਜੀਤ ਦੀ ਗਰਦਨ ਦੀਆਂ ਹੱਡੀਆਂ ਅਤੇ ਪੱਸਲੀਆਂ ਟੁੱਟੀਆਂ ਸਨ ਅਤੇ 20 ਦੇ ਕਰੀਬ ਸੱਟਾਂ ਲੱਗੀਆਂ ਸਨ।