ਟੋਰਾਂਟੋ: ਟੋਰਾਂਟੋ ਵਿਖੇ ਪਾਰਸਲ ਡਿਲੀਵਰੀ ਕਰਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਖਿਲਾਫ ਬਜ਼ੁਰਗ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ ਸਕਾਰਬੋਅ ਦੇ ਗੌਲਫ਼ਡੇਲ ਗਾਰਡਨਜ਼ ਇਲਾਕੇ ਵਿਚ 25 ਅਤੇ 26 ਦਸੰਬਰ ਦੀ ਰਾਤ ਵਾਪਰੀ।
ਪੁਲਿਸ ਮੁਤਾਬਕ 84 ਸਾਲ ਦੀ ਔਰਤ ਆਪਣੇ ਘਰ ਵਿਚ ਸੌਂ ਰਹੀ ਸੀ ਜਦੋਂ ਇਕ ਵਿਅਕਤੀ ਨੇ ਦਰਵਾਜ਼ਾ ਖੜਕਾਇਆ। ਉਸ ਨੇ ਗੱਲਾਂ ਨਾਲ ਔਰਤ ਨੂੰ ਦੋਸਤੀ ਦੇ ਜਾਲ ਵਿਚ ਫਸਾ ਲਿਆ ਅਤੇ ਘਰ ਅੰਦਰ ਦਾਖ਼ਲ ਹੋ ਗਿਆ ਜਿਥੇ ਔਰਤ ਨਾਲ ਗ਼ਲਤ ਹਰਕਤ ਕੀਤੀ ਅਤੇ ਗੱਡੀ ਵਿਚ ਫਰਾਰ ਹੋ ਗਿਆ। ਸੋਮਵਾਰ ਨੂੰ ਪੁਲਿਸ ਨੇ ਦੱਸਿਆ ਕਿ 29 ਸਾਲ ਦੇ ਪਰਵੀਨ ਬੌਬੀ ਬਾਲਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਕਿਸੇ ਦੇ ਘਰ ਵਿਚ ਨਾਜਾਇਜ਼ ਤਰੀਕੇ ਨਾਲ ਦਾਖ਼ਲ ਹੋਣ, ਹਮਲਾ ਕਰਨ ਅਤੇ ਸੈਕਸ਼ੁਆਲ ਅਸਾਲਟ ਦੇ ਦੋਸ਼ ਆਇਦ ਕੀਤੇ ਗਏ ਹਨ।
ਜਾਂਚਕਰਤਾਵਾਂ ਵੱਲੋਂ ਸ਼ੱਕੀ ਦੀ ਤਸਵੀਰ ਵੀ ਜਨਤਕ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਉਹ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰੋ।