ਨਿਊਜ ਡੈਸਕ : ਸਿੱਖ ਰਹੁ ਰੀਤਾਂ ਪ੍ਰੰਪਰਾਵਾਂ ਦੀ ਜਦੋਂ ਗੱਲ ਚਲਦੀ ਹੈ ਤਾਂ ਸਭ ਤੋਂ ਅਹਿਮ ਪ੍ਰਥਾ ਕਹਿ ਲਈਏ ਜਾਂ ਸਿਧਾਂਤ ਕਹਿ ਲਈਏ ਤਾਂ ਉਹ ਲੰਗਰ ਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਇਸ ਸਿਧਾਂਤ ‘ਤੇ ਚਲਦਿਆਂ ਹਰ ਸਿੱਖ ਲੋੜਵੰਦ ਦੀ ਸੇਵਾ ਕਰਨੀ ਆਪਣਾ ਫਰਜ਼ ਸਮਝਦਾ ਹੈ। ਹਾਲ ਹੀ ‘ਚ ਸਮੁੱਚੀ ਮਨੁੱਖਤਾ ‘ਤੇ ਪਈ ਇੱਕ ਕੁਦਰਤੀ ਆਪਦਾ (ਕੋਰੋਨਾ ਵਾਇਰਸ ) ਦੌਰਾਨ ਸਿੱਖ ਪੰਥ ਵੱਲੋਂ ਆਪਣੇ ਇਸੇ ਸਿਧਾਂਤ ‘ਤੇ ਚਲਦਿਆਂ ਇੱਕ ਅਜਿਹੀ ਉਦਾਹਰਨ ਸਿਰਜ ਦਿੱਤੀ ਕਿ ਦੁਨੀਆਂ ਦੇ ਲੋਕ ਹੈਰਾਨ ਰਹਿ ਗਏ। ਜਿਸ ਸਮੇਂ ਆਪਣੇ ਇੱਕ ਦੂਜੇ ਦਾ ਸਾਥ ਨਹੀਂ ਸੀ ਦਿੰਦੇ ਉਸ ਸਮੇਂ ਸਿੱਖ ਕੌਮ ਲੰਗਰ ਲਗਾ ਰਹੀ ਸੀ ਅਤੇ ਭੁੱਖਿਆਂ ਲੋੜਵੰਦਾਂ ਨੂੰ ਲੰਗਰ ਛਕਾ ਰਹੀ ਸੀ। ਬਾਕੀ ਜਗ੍ਹਾਵਾਂ ਨੂੰ ਛੱਡ ਕੇ ਜੇਕਰ ਸਿਰਫ ਮਹਾਂਰਾਸਟਰ ਦੀ ਗੱਲ ਕਰ ਲਈਏ ਤਾਂ ਇੱਥੇ ਦੇ ਯਵਾਤਮਾਲ ਰੋਡ ‘ਤੇ ਸਥਿਤ ਲੰਗਰ ਹਾਲ ਵਿੱਚ ਹੀ ਲੱਖਾਂ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਸੀ। ਪਰ ਹੁਣ ਪ੍ਰਸ਼ਾਸਨ ਵੱਲੋਂ ਇਸ ਲੰਗਰ ਨੂੰ ਤੋੜ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਕੋਰੋਨਾ ਸਮੇਂ ਭੁੱਖੇ ਤੇ ਗਰੀਬ ਲੋਕਾਂ ਦਾ ਢਿੱਡ ਭਰਨ ਵਾਲੇ ਲੰਗਰ ਹਾਲ, ਜਿਸ ਨੂੰ “ਬਾਬਾ ਖਹਿਰਾ” ਦੇ ਨਾਮ ਨਾਲ ਜਾਣਿਆਂ ਜਾਂਦਾ ਸੀ। ਇਹ ਲੰਗਰ ਬਾਬਾ ਕਰਨੈਲ ਸਿੰਘ ਚਲਾ ਰਹੇ ਸਨ। ਪਰ ਹੁਣ ਪਤਾ ਲੱਗਿਆ ਹੈ ਕਿ ਜ਼ਮੀਨੀ ਵਿਵਾਦ ਕਾਰਣ ਪ੍ਰਸ਼ਾਸਨ ਵਲੋਂ ਇਸ ਨੂੰ ਢਹਿ ਢੇਰੀ ਕਰ ਦਿੱਤਾ ਗਿਆ। 35 ਸਾਲ ਤੋਂ ਯਵਾਤਮਾਲ ਰੋਡ ‘ਤੇ ਚਲ ਰਹੇ ਗੁਰੂ ਕੇ ਲੰਗਰ ਦੇ 3000 ਸਕੇਅਰ ਫੁੱਟ ਹਾਲ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ। ਇਸ ਦਾ ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ। ਕਮੇਟੀ ਨੇ ਇਸ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਹਾਰਾਸਟਰ ਸਰਕਾਰ ਨੂੰ ਮਸਲੇ ‘ਦੇ ਹੱਲ ਦੀ ਅਪੀਲ ਕੀਤੀ ਹੈ।