ਮੁੰਬਈ-ਇਹ ਦਿਲ ਦਹਿਲਾ ਦੇਣ ਵਾਲੀ ਖ਼ਬਰ ਮੁੰਬਈ ਤੋਂ ਸਾਹਮਣੇ ਆਈ ਹੈ ਮੁੰਬਈ ਦੇ ਤਾਰਦੇਵ ਇਲਾਕੇ ‘ਚ ਭਾਟੀਆ ਹਸਪਤਾਲ ਨੇੜੇ 20 ਮੰਜ਼ਿਲਾ ਇਮਾਰਤ ‘ਚ ਭਿਆਨਕ ਅੱਗ ਲੱਗ ਗਈ। ਇਸ ਦੀ ਲਪੇਟ ‘ਚ ਆਉਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ ਇਸ ਘਟਨਾ ਵਿੱਚ ਕਈ ਲੋਕ ਜ਼ਖਮੀ ਹੋਏ ਹਨ। ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਜਿਹੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਦੱਸਿਆ ਕਿ 6 ਬਜ਼ੁਰਗਾਂ ਨੂੰ ਆਕਸੀਜਨ ਸਪੋਰਟ ਸਿਸਟਮ ਦੀ ਲੋੜ ਸੀ, ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੌਕੇ ‘ਤੇ ਫਸੇ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਪਰ ਧੂੰਆਂ ਬਹੁਤ ਜ਼ਿਆਦਾ ਹੈ।
ਅੱਗ ਬੁਝਾਊ ਵਿਭਾਗ ਦੇ ਅਨੁਸਾਰ, ਅੱਗ ਸਵੇਰੇ 7.28 ਵਜੇ ਲੱਗੀ ਅਤੇ ਸਵੇਰੇ 8.10 ਵਜੇ ਲੈਵਲ 3 ਘੋਸ਼ਿਤ ਕੀਤੀ ਗਈ। ਵਿਭਾਗ ਨੇ ਕਿਹਾ ਕਿ ਅੱਗ ਬੁਝਾਉਣ ਲਈ 13 ਫਾਇਰ ਟੈਂਡਰ ਅਤੇ ਸੱਤ ਜੰਬੋ ਟੈਂਕਰਾਂ ਨੂੰ ਕੰਮ ਵਿੱਚ ਲਗਾਇਆ ਗਿਆ ਸੀ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਅੱਗ ਬੁਝਾਊ ਅਮਲੇ ਨੂੰ ਇਨ੍ਹਾਂ ‘ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ।
ਜ਼ਖ਼ਮੀਆਂ ਵਿੱਚੋਂ 15 ਨੂੰ ਭਾਟੀਆ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 3 ਆਈਸੀਯੂ ਵਿੱਚ ਹਨ ਅਤੇ 12 ਜਨਰਲ ਵਾਰਡ ਵਿੱਚ ਦਾਖ਼ਲ ਹਨ। ਇਸ ਦੇ ਨਾਲ ਹੀ ਚਾਰ ਜ਼ਖਮੀਆਂ ਨੂੰ ਨਾਇਰ ਹਸਪਤਾਲ ਭੇਜਿਆ ਗਿਆ ਹੈ। ਨਾਇਰ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਦੋ ਲੋਕਾਂ ਨੂੰ ਮ੍ਰਿਤਕ ਲਿਆਂਦਾ ਗਿਆ ਸੀ। ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਮੰਗਲ ਪ੍ਰਭਾਤ ਨੇ ਇਸ ਨੂੰ ਮੰਦਭਾਗੀ ਘਟਨਾ ਦੱਸਿਆ ਹੈ।