ਕਿਸਾਨਾਂ ਲਈ ਮਸ਼ੀਨਰੀ ਜਾਗਰੂਕਤਾ ਕੈਂਪ ਲਗਾਇਆ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੇ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਆਈ.ਸੀ.ਏ.ਆਰ. ਅਟਾਰੀ ਜ਼ੋਨ-1 ਦੇ ਸਹਿਯੋਗ ਨਾਲ ਪਰਾਲੀ ਦੀ ਸੰਭਾਲ ਕਰਨ ਵਾਲੀ ਮਸ਼ੀਨਰੀ ਪ੍ਰਤੀ ਜਾਗਰੂਕਤਾ ਲਈ ਬਲਾਕ ਪੱਧਰੀ ਕੈਂਪ ਲਗਾਇਆ। ਇਹ ਕੈਂਪ ਖੇਤ ਵਿੱਚ ਪਰਾਲੀ ਦੀ ਸੰਭਾਲ ਕਰਨ ਵਾਲੀ ਮਸ਼ੀਨਰੀ ਦੇ ਪ੍ਰਚਾਰ ਲਈ ਵਿਸ਼ੇਸ਼ ਪ੍ਰੋਜੈਕਟ ਦਾ ਹਿੱਸਾ ਸੀ। ਇਸ ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ ਵਿੱਚ ਪਰਾਲੀ ਸਾੜਨ ਦੇ ਬੁਰੇ ਨਤੀਜਿਆਂ ਬਾਰੇ ਜਾਣਕਾਰੀ ਫੈਲਾਉਣਾ ਅਤੇ ਪੀ.ਏ.ਯੂ. ਵੱਲੋਂ ਖੇਤ ਵਿੱਚ ਪਰਾਲੀ ਸੰਭਾਲਣ ਲਈ ਵਿਕਸਿਤ ਮਸ਼ੀਨਰੀ ਤੋਂ ਉਨ੍ਹਾਂ ਨੂੰ ਜਾਣੂੰ ਕਰਵਾਉਣਾ ਸੀ।

ਰੋਪੜ ਦੇ ਵਧੀਕ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਗੁਜਰਾਲ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਰੋਪੜ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪ੍ਰੀਤਕੰਵਲ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ। ਕੇ.ਵੀ.ਕੇ. ਰੋਪੜ ਨੇ ਕਿਸਾਨਾਂ ਤੱਕ ਜਾਗਰੂਕਤਾ ਫੈਲਾਉਣ ਲਈ ਇੱਕ ਪ੍ਰਦਰਸ਼ਨੀ ਵੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਲਗਾਈ। ਮੁੱਖ ਮਹਿਮਾਨ ਅਮਰਦੀਪ ਸਿੰਘ ਗੁਜਰਾਲ ਨੇ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਦਿਲਚਸਪੀ ਵਿਖਾਈ ਅਤੇ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕੀਤਾ।

ਤਕਨੀਕੀ ਸੈਸ਼ਨ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਉਪ ਨਿਰਦੇਸ਼ਕ (ਸਿਖਲਾਈ) ਡਾ. ਜੀ.ਐਸ. ਮੱਕੜ ਨੇ ਪਰਾਲੀ ਦੀ ਸੰਭਾਲ ਦੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੈਪੀ ਸੀਡਰ, ਰੋਟਾਵੇਟਰ, ਉਲਟਾਂਵਾ ਹਲ ਆਦਿ ਮਸ਼ੀਨਰੀ ਕ੍ਰਿਸ਼ੀ ਵਿਗਿਆਨ ਕੇਂਦਰ ਕੋਲ ਮੌਜੂਦ ਹੈ ਜੋ ਕਿਸਾਨਾਂ ਦੀ ਵਰਤੋਂ ਲਈ ਮੁਫ਼ਤ ਦਿੱਤੀ ਜਾਵੇਗੀ। ਡਾ. ਮੱਕੜ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕੇਂਦਰ ਨੇ 4 ਪਿੰਡ ਅਪਨਾਏ ਹਨ ਜਿਨ੍ਹਾਂ ਵਿੱਚ ਗੜੀ, ਸ਼ੇਖੂਪੁਰ, ਬਾਮਾ ਕੂਲੀਆ ਅਤੇ ਅਸਾਰਪੁਰ ਹਨ।

ਕ੍ਰਿਸ਼ੀ ਵਿਗਿਆਨ ਕੇਂਦਰ ਦੇ ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ਪ੍ਰੋਜੈਕਟ ਦੇ ਕੋ-ਆਰਡੀਨੇਟਰ ਡਾ. ਅਪਰਨਾ ਨੇ ਅਪਨਾਏ ਗਏ ਪਿੰਡਾਂ ਦੇ ਕਿਸਾਨਾਂ ਨੂੰ ਸੰਖੇਪ ਵਿੱਚ ਜਾਣਕਾਰੀ ਦਿੱਤੀ। ਖੇਤੀ ਜੰਗਲਾਤ ਦੇ ਸਹਾਇਕ ਪ੍ਰੋਫੈਸਰ ਕੁਮਾਰੀ ਅੰਕੁਰਦੀਪ ਪ੍ਰੀਤੀ ਨੇ ਖੇਤੀ ਮੁਨਾਫ਼ਾ ਵਧਾਉਣ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਖੇਤੀ ਜੰਗਲਾਤ ਤਰੀਕਿਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾ. ਸੰਜੀਵ ਅਹੂਜਾ ਅਤੇ ਡਾ. ਓਪਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਪਰਾਲੀ ਸੰਭਾਲਣ ਦੀ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ। ਡਾ. ਮੱਕੜ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।

Share This Article
Leave a Comment