ਮੁੱਲਾਂਪੁਰ ਦਾਖਾ : ਪਿੰਡ ਜਾਂਗਪੁਰ ਦੇ ਰਹਿਣ ਵਾਲੇ ਸੀਨੀਅਰ ਕਾਂਗਰਸੀ ਆਗੂ ਦਲਜੀਤ ਸਿੰਘ ਹੈਪੀ ਬਾਜਵਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਖਤਮ ਕਰ ਲਈ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਵੀਰਵਾਰ ਦੇਰ ਰਾਤ ਹੈਪੀ ਬਾਜਵਾ ਦੇ ਘਰ ਪਹੁੰਚੇ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਹੈਪੀ ਬਾਜਵਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਡੀਜੀਪੀ ਦਿਨਕਰ ਗੁਪਤਾ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮਾਮਲੇ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਹੈਪੀ ਵੱਲੋਂ ਇਕ ਆਡੀਓ ਕਲਿੱਪ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ। ਜਿਸ ‘ਚ ਉਹ ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੁਖ਼ਾਤਿਬ ਹੋ ਕੇ ਕਹਿ ਰਿਹਾ ਕਿ ਕਾਂਗਰਸੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਆਡੀਓ ਕਲਿੱਪ ‘ਚ ਉਸ ਨੇ ਪਿੰਡ ਦੇ ਹੀ ਤਿੰਨ ਵਿਅਕਤੀਆਂ ਦੇ ਨਾਮ ਲੈ ਕੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਹੈ। ਹੈਪੀ ਆਡੀਓ ‘ਚ ਕਿਹਾ ਹੈ ਕਿ ਉਸ ਨੇ ਮੱਧ ਪ੍ਰਦੇਸ਼, ਹਰਿਆਣਾ, ਪੰਜਾਬ ਸਣੇ ਕੁਝ ਹੋਰ ਰਾਜਾਂ ਵਿਚ ਵੀ ਪਾਰਟੀ ਲਈ ਚੋਣਾਂ ‘ਚ ਪ੍ਰਚਾਰ ਕਰਨ ਲਈ ਕੰਮ ਕੀਤਾ। ਪਾਰਟੀ ਦੇ ਪੋਸਟਰ ਤੱਕ ਲਗਾਏ। ਪਾਰਟੀ ਲਈ ਕੰਮ ਕਰਦੇ ਹੋਏ ਉਸਦੇ ਵਿਰੁੱਧ ਕਈ ਵਾਰ ਕੇਸ ਦਰਜ ਕੀਤੇ ਗਏ ਸਨ। ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ, ਉਸਨੇ ਪਾਰਟੀ ਨਹੀਂ ਛੱਡੀ ਪਰ ਕੁਝ ਨਹੀਂ ਮਿਲਿਆ ।
ਹੈਪੀ ਬਾਜਵਾ ਨੇ ਆਡੀਓ ਵਿਚ ਪਿੰਡ ਦੇ ਤਿੰਨ ਲੋਕਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਸਦਾ ਕਹਿਣਾ ਹੈ ਕਿ ਉਸਨੇ ਪਿੰਡ ਜਾਂਗਪੁਰ ‘ਚ ਇੱਕ ਪਲਾਟ ਖਰੀਦਿਆ ਸੀ। ਇਸ ਪਲਾਟ ਦੀ ਰਜਿਸਟਰੀ ਵੀ ਉਸ ਨੇ ਆਪਣੇ ਨਾਂ ਕਰਵਾ ਲਈ ਸੀ ਪਰ ਇਸ ਦੀ ਮਲਕੀਅਤ ਨੂੰ ਲੈ ਕੇ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਉਨ੍ਹਾਂ ਨੇ ਲੋਕਲ ਕਾਂਗਰਸ ਹਾਈਕਮਾਂਡ ਕੋਲ ਵੀ ਮਸਲੇ ਨੂੰ ਸੁਲਝਾਉਣ ਲਈ ਫਰਿਆਦ ਰੱਖੀ ਸੀ ਪਰ ਇਸ ਮਸਲੇ ‘ਤੇ ਪਾਰਟੀ ਵੱਲੋਂ ਹੈਪੀ ਬਾਜਵਾ ਮੁਤਾਬਿਕ ਉਸ ਦੀ ਪੂਰੀ ਤਰ੍ਹਾਂ ਬਾਂਹ ਨਹੀਂ ਫੜੀ ਗਈ ਸੀ।
ਦਲਜੀਤ ਦੇ ਭਰਾ ਸੁੰਦਰ ਸਿੰਘ ਨੇ ਦੱਸਿਆ ਕਿ ਇਹ ਆਡੀਓ ਉਸਦੇ ਭਰਾ ਦੀ ਹੈ। ਉਨ੍ਹਾਂ ਨੇ ਸਾਰੀ ਉਮਰ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ। ਥਾਣਾ ਦਾਖਾ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
