ਲੁਧਿਆਣਾ: ਲੁਧਿਆਣਾ ਦੇ ਗਾਂਧੀਨਗਰ ਹੋਲਸੇਲ ਮਾਰਕੀਟ ਵਿੱਚ ਸਥਿਤ ਪੰਚਰਤਨ ਹੋਜ਼ਰੀ ਦੇ ਮਾਲਕ ਅਤੇ ਉਨ੍ਹਾਂ ਦੀ ਪਤਨੀ ਨੇ ਵੀਰਵਾਰ ਸਵੇਰੇ ਆਪਣੀ ਦੁਕਾਨ ਦੇ ਅੰਦਰ ਜ਼ਹਿਰੀਲਾ ਪਦਾਰਥ ਨਿਗਲ ਕੇ ਜੀਵਨ ਸਮਾਪਤ ਕਰ ਲਈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਦਾ ਬੇਟਾ ਦੁਕਾਨ ‘ਤੇ ਪਹੁੰਚਿਆ ਅਤੇ ਦੇਖਿਆ ਕਿ ਉਸ ਦੇ ਮਾਤਾ-ਪਿਤਾ ਜ਼ਮੀਨ ‘ਤੇ ਡਿੱਗੇ ਪਏ ਸਨ। ਬੇਟੇ ਦੇ ਪੁੱਛਣ ‘ਤੇ ਉਨ੍ਹਾਂ ਨੇ ਦੱਸਿਆ ਕਿ ਉਹ ਜ਼ਹਿਰੀਲਾ ਪਦਾਰਥ ਨਿਗਲ ਚੁੱਕੇ ਹਨ। ਬੇਟੇ ਨੇ ਤੁਰੰਤ ਦੋਵਾਂ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ, ਪਰ ਉੱਥੇ ਦੋਵਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਜਸਬੀਰ ਸਿੰਘ (60) ਅਤੇ ਕੁਲਦੀਪ ਕੌਰ (59) ਵਜੋਂ ਹੋਈ। ਪਰਿਵਾਰ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਇੰਸਪੈਕਟਰ ਗਗਨਦੀਪ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਜਾਣਕਾਰੀ ਮੁਤਾਬਕ, ਉਹ ਬੈਂਕ ਵਾਲਿਆਂ ਦੀ ਪਰੇਸ਼ਾਨੀ ਕਾਰਨ ਜ਼ਹਿਰ ਨਿਗਲਿਆ।
ਕਰੀਬ ਇੱਕ ਹਫਤਾ ਪਹਿਲਾਂ ਬੈਂਕ ਅਧਿਕਾਰੀਆਂ ਨੇ ਜੋੜੇ ਨਾਲ ਦੁਰਵਿਹਾਰ ਕੀਤਾ ਅਤੇ ਕਈ ਧਮਕੀਆਂ ਦਿੱਤੀਆਂ ਸਨ। ਮ੍ਰਿਤਕਾਂ ਦੇ ਪਾਸੋਂ ਇੱਕ ਸੁਸਾਈਡ ਨੋਟ ਵੀ ਮਿਲਿਆ, ਜਿਸ ਵਿੱਚ ਬੈਂਕ ਵਾਲਿਆ ਦੀ ਧੱਕੇਸ਼ਾਹੀ ਅਤੇ ਧਮਕੀਆਂ ਦਾ ਜ਼ਿਕਰ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰਾ ਸਮਾਨ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਸੁਸਾਈਡ ਨੋਟ ਮਿਲ ਚੁੱਕਿਆ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਵਿਰੁੱਧ ਸਖਤ ਕਾਰਵਾਈ ਹੋਵੇਗੀ।
ਬੈਂਕ ਦੀਆਂ ਧਮਕੀਆਂ ਨੇ ਪਰੇਸ਼ਾਨ ਕੀਤਾ
ਹਰਬੰਸਪੁਰਾ ਦੇ ਗੋਸ਼ਾਲਾ ਰੋਡ ‘ਤੇ ਰਹਿਣ ਵਾਲੇ ਜਸਬੀਰ ਸਿੰਘ ਦੀ ਗਾਂਧੀਨਗਰ ਮਾਰਕੀਟ ਵਿੱਚ ਪੰਚਰਤਨ ਹੋਜ਼ਰੀ ਨਾਂ ਦੀ ਫੈਕਟਰੀ ਅਤੇ ਦੁਕਾਨ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਪ੍ਰਾਈਵੇਟ ਬੈਂਕ ਤੋਂ ਲੋਨ ਲਿਆ ਸੀ। ਇੱਕ ਹਫਤਾ ਪਹਿਲਾਂ ਬੈਂਕ ਵਾਲੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਬਜੁਰਗ ਜੋੜੇ ਨਾਲ ਦੁਰਵਿਹਾਰ ਕੀਤਾ। ਉਨ੍ਹਾਂ ਨੇ ਜਸਬੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਧਮਕੀਆਂ ਦਿੱਤੀਆਂ ਅਤੇ ਜਦੋਂ ਬੇਟਾ ਵਿਚਕਾਰ ਆਇਆ ਤਾਂ ਉਸ ਨੂੰ ਵੀ ਧਮਕਾਇਆ ਅਤੇ ਮਕਾਨ ਹੜੱਪਣ ਦੀ ਗੱਲ ਕੀਤੀ। ਇਸ ਦੁਰਵਿਹਾਰ ਤੋਂ ਬਾਅਦ ਦੰਪਤੀ ਬਹੁਤ ਪਰੇਸ਼ਾਨ ਸੀ।