ਚੰਡੀਗੜ੍ਹ, (ਅਵਤਾਰ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦਾ ਰੰਗ ਹਰ ਦਿਨ ਬਦਲਦਾ ਜਾ ਰਿਹਾ ਹੈ। ਜਿਥੇ ਦਸਹਿਰੇ ਵਾਲੇ ਦਿਨ ਰਾਵਣ ਤੇ ਹੋਰਾਂ ਦੇ ਪੁਤਲੇ ਫੂਕੇ ਜਾਂਦੇ ਸਨ ਅੱਜ ਮੈਦਾਨਾਂ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਖੜੇ ਦਿਖਾਈ ਦੇ ਰਹੇ ਹਨ।
ਕਾਨੂੰਨਾਂ ਤੋਂ ਸਤਾਏ ਹੋਏ ਲੋਕ ਪ੍ਰਧਾਨ ਮੰਤਰੀ ਦੇ ਪੁਤਲਿਆਂ ਨੂੰ ਅੱਗ ਦੇ ਹਵਾਲੇ ਕਰਨਗੇ। ਪ੍ਰਧਾਨ ਮੰਤਰੀ ਦੀ ਕੁਰਸੀ ਦੀ ਬਹੁਤ ਮਰਯਾਦਾ ਵਾਲੀ ਹੁੰਦੀ ਹੈ।
ਇਸ ਕੁਰਸੀ ਉਪਰ ਬਿਰਾਜਮਾਨ ਹੋ ਕੇ ਅਜਿਹਾ ਕੋਈ ਵੀ ਫੈਸਲਾ ਨਹੀਂ ਲੈਣਾ ਹੁੰਦਾ ਜਿਸ ਨਾਲ ਲੋਕਾਂ ਦੀ ਪੀੜ ਵਿੱਚ ਵਾਧਾ ਹੋਵੇ, ਸਗੋਂ ਲੋਕਾਈ ਦੇ ਦਰਦਾਂ ਦਾ ਹੱਲ ਕਰਨਾ ਹੁੰਦਾ ਹੈ।
ਪਰ ਮੌਜੂਦਾ ਪ੍ਰਧਾਨ ਮੰਤਰੀ ਇਕ ਇੰਚ ਵੀ ਪਿਛੇ ਨਾ ਹਟਣ ਦੇ ਬਿਆਨ ਦਾਗ ਰਹੇ ਹਨ। ਉਨ੍ਹਾਂ ਦੀ ਇਸ ਅੜੀ ਖਿਲਾਫ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂ ਵੀ ਪੈਰ ਪਿਛੇ ਖਿਸਕਾ ਰਹੇ ਹਨ।
ਇਸ ਦੌਰਾਨ ਅੱਜ ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਇੰਚਾਰਜ ਤਰਲੋਚਨ ਸਿੰਘ ਗਿੱਲ ਨੇ ਪਾਰਟੀ ਛੱਡਣ ਦਾ ਐਲਾਨ ਕਰਕੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਦਿੱਤਾ।
ਦੱਸਣਯੋਗ ਹੈ ਕਿ ਮੋਗਾ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ 13 ਦਿਨ ਤੋਂ ਧਰਨਾ ਦਿੱਤਾ ਜਾ ਰਿਹਾ ਸੀ। ਤਰਲੋਚਨ ਸਿੰਘ ਗਿੱਲ ਨੇ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਤੇ ਬਲੌਰ ਸਿੰਘ ਘਾਲੀ ਨਾਲ ਗੱਲਬਾਤ ਕਰਕੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਲੀਡਰਸ਼ਿਪ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਕਹਿ ਰਹੇ ਸਨ ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਮੰਨੀ ਤੇ ਆਖਰ ਉਨ੍ਹਾਂ ਪਾਰਟੀ ਛੱਡਣ ਦਾ ਫ਼ੈਸਲਾ ਕਰ ਲਿਆ।
ਉਹ ਪੰਜਾਬ ਭਾਜਪਾ ਦਾ ਕਾਰਜਕਾਰਨੀ ਦੇ ਮੈਂਬਰ ਹਨ ਤੇ ਦੋ ਵਾਰ ਭਾਜਪਾ ਮੋਗਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ।
ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਸਿੰਘ ਕੰਗ ਨੇ ਵੀ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ।