ਅੰਮ੍ਰਿਤਸਰ: ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਮਲਕੀਅਤੀ ਜ਼ਮੀਨ ਦਾ ਪ੍ਰਬੰਧ ਲੈਣ ਮਗਰੋਂ ਇਸ ਮਾਮਲੇ ਨੂੰ ਕੁਝ ਲੋਕਾਂ ਵੱਲੋਂ ਜਾਣਬੁਝ ਕੇ ਜਾਤੀਵਾਦ ਨਾਲ ਜੋੜਨ ਦੀ ਕੋਸ਼ਿਸ਼ ਦੀ ਸ਼੍ਰੋਮਣੀ ਕਮੇਟੀ ਦੇ ਅਹੁੇਦਾਰਾਂ ਅਤੇ ਮੈਂਬਰਾਂ ਕਰੜੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਤੇ ਅੰਤ੍ਰਿੰਗ ਮੈਂਬਰ ਮੋਹਨ ਸਿੰਘ ਬੰਗੀ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਮਾਲਕੀ ਵਾਲੀ 15 ਕਨਾਲ, 14 ਮਰਲੇ ਜ਼ਮੀਨ ਦੇ ਮੁੱਦੇ ਨੂੰ ਕੁਝ ਲੋਕਾਂ ਵੱਲੋਂ ਨਿੱਜੀ ਹਿੱਤਾਂ ਤਹਿਤ ਗਲਤ ਰੰਗਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦਾ ਕੇਸ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਅਦਾਲਤਾਂ ਵੱਲੋਂ ਜਿੱਤਿਆ ਜਾ ਚੁੱਕਿਆ ਹੈ, ਜਿਸ ਤਹਿਤ ਪ੍ਰਬੰਧ ਲਿਆ ਗਿਆ ਹੈ। ਜਦਕਿ ਕੁਝ ਲੋਕ ਇਸ ਨੂੰ ਸੋਚੀ ਸਮਝੀ ਸਾਜ਼ਿਸ਼ ਨਾਲ ਜਾਤੀਵਾਦ ਦਾ ਮਾਮਲਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਬੁੰਗਾ ਨਾਨਕਸਰ ਦਰਮਿਆਨ 2008 ਤੋਂ ਸਿਵਲ ਕੋਰਟ ਤਲਵੰਡੀ ਸਾਬੋ ਵਿਖੇ ਕੇਸ ਚੱਲਦਾ ਆ ਰਿਹਾ ਹੈ, ਜੋ 2011 ਵਿਚ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਹੋਇਆ ਸੀ। ਇਸ ਪਿੱਛੋਂ ਬੁੰਗਾ ਨਾਨਕਸਰ ਦੀ ਕਮੇਟੀ ਨੇ ਵਧੀਕ ਜ਼ਿਲ੍ਹਾ ਜੱਜ ਬਠਿੰਡਾ ਦੀ ਅਦਾਲਤ ਵਿਚ ਅਪੀਲ ਕੀਤੀ, ਜਿਸ ਦਾ ਫੈਸਲਾ ਵੀ 24 ਮਈ 2013 ਨੂੰ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਆਇਆ। ਇਸ ਫੈਸਲੇ ਵਿਰੁੱਧ ਬੁੰਗਾ ਨਾਨਕਸਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਕੇਸ ਪਾਇਆ ਗਿਆ, ਜੋ 2015 ਵਿਚ ਖਾਰਜ ਹੋ ਗਿਆ।
ਮਾਣਯੋਗ ਅਦਾਲਤ ਵੱਲੋਂ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਫੈਸਲਾ ਆਉਣ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਦੀ ਅਦਾਲਤ ਵਿਚ ਇਸ ਜ਼ਮੀਨ ਦਾ ਪ੍ਰਬੰਧ ਲੈਣ ਲਈ ਅਪੀਲ ਪਾਈ ਗਈ, ਜੋ 24 ਜਨਵਰੀ 2018 ਨੂੰ ਪ੍ਰਵਾਨ ਹੋਈ। 16 ਨਵੰਬਰ 2018 ਨੂੰ ਸ਼੍ਰੋਮਣੀ ਕਮੇਟੀ ਨੂੰ ਉਕਤ ਜ਼ਮੀਨ ਦਾ ਪ੍ਰਬੰਧ ਲੈਣ ਲਈ ਵਰੰਟ ਮਿਲਿਆ, ਪਰੰਤੂ ਕੋੋਰੋਨਾ ਮਹਾਮਾਰੀ ਦੌਰਾਨ ਕਾਰਵਾਈ ਨਹੀਂ ਹੋ ਸਕੀ।
ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਦੂਜੀ ਧਿਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੱਕ ਪਹੁੰਚ ਕੀਤੀ ਗਈ, ਜਿਨ੍ਹਾਂ ਦੇ ਆਦੇਸ਼ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਗੱਲਬਾਤ ਲਈ ਇਕ ਸਬ-ਕਮੇਟੀ ਗਠਤ ਹੋਈ। ਇਸ ਸਬੰਧੀ ਦੂਜੀ ਧਿਰ ਵੱਲੋਂ ਵੀ 11 ਮੈਂਬਰੀ ਕਮੇਟੀ ਦੇ ਨਾਂ ਦਿੱਤੇ ਗਏ। ਇਨ੍ਹਾਂ ਦੋਹਾਂ ਕਮੇਟੀਆਂ ਵਿਚ ਸਹਿਮਤੀ ਨਾਲ 3 ਕਨਾਲ ਜ਼ਮੀਨ ਅਤੇ 50 ਲੱਖ ਰੁਪਏ ਸਹਾਇਤਾ ਦੇਣ ਦਾ ਫੈਸਲਾ ਹੋਇਆ ਸੀ। ਇਸੇ ਤਹਿਤ ਹੀ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਵੱਲੋਂ ਜ਼ਮੀਨ ਦਾ ਪ੍ਰਬੰਧ ਕਾਨੂੰਨੀ ਦਾਇਰੇ ਵਿਚ ਰਹਿ ਕੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਜਿਸ ਕਮੇਟੀ ਨਾਲ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਹੋਇਆ ਸੀ, ਹੁਣ ਉਸ ਦੀ ਥਾਂ ਹੋਰ ਲੋਕ ਮਾਮਲੇ ਨੂੰ ਉਲਝਾ ਰਹੇ ਹਨ। ਇਥੋਂ ਤੱਕ ਕਿ ਇਹ ਲੋਕ ਜਾਤੀ ਰੰਗਤ ਦੇ ਕੇ ਪੰਥ ਵਿਚ ਦੁਬਿਧਾ ਪੈਦਾ ਕਰ ਰਹੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.